ਕੋਰੋਨਾਵਾਇਰਸ ਪ੍ਰਭਾਵਿਤ ਲੋਕਾਂ ਦੇ ਚੀਨ ਵਲੋਂ ਜਾਰੀ ਅੰਕੜਿਆਂ 'ਤੇ ਟਰੰਪ ਨੇ ਜਤਾਇਆ ਸ਼ੱਕ

04/02/2020 1:39:52 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ 'ਤੇ ਚੀਨ ਦੇ ਅਧਿਕਾਰਿਕ ਅੰਕੜਿਆਂ 'ਤੇ ਸ਼ੱਕ ਜ਼ਾਹਿਰ ਕੀਤਾ ਹੈ। ਅਸਲ ਵਿਚ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਇਕ ਖੁਫੀਆ ਰਿਪੋਰਟ ਦੇ ਆਧਾਰ 'ਤੇ ਚੀਨ 'ਤੇ ਇਸ ਪੂਰੇ ਮਾਮਲੇ ਦੀ ਸੱਚਾਈ ਨੂੰ ਲੁਕਾਉਣ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਟਰੰਪ ਨੇ ਇਹ ਪ੍ਰਤੀਕਿਰਿਆ ਦਿੱਤੀ।

ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਅੰਕੜੇ ਸਹੀ ਹਨ। ਗਿਣਤੀ ਘੱਟ ਲੱਗ ਰਹੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਚੀਨ ਦੇ ਨਾਲ ਅਮਰੀਕਾ ਦੇ ਸਬੰਧ ਚੰਗੇ ਹਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਉਹਨਾਂ ਦੇ ਨੇੜਲੇ ਸਬੰਧ ਹਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਬਲੂਮਬਰਗ ਦੀ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਨਾਰਾਜ਼ਗੀ ਜਤਾਈ ਸੀ ਕਿ ਬੀਜਿੰਗ ਨੇ ਵੁਹਾਨ ਤੋਂ ਸ਼ੁਰੂ ਹੋਏ ਇਨਫੈਕਸ਼ਨ ਤੇ ਉਸ ਨਾਲ ਹੋਣ ਵਾਲੀਆਂ ਮੌਤਾਂ 'ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਨੇਰੇ ਵਿਚ ਰੱਖਿਆ। ਬਲੂਮਬਰਗ ਨੇ ਇਹ ਰਿਪੋਰਟ ਅਮਰੀਕੀ ਖੁਫੀਆ ਵਿਭਾਗ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਜਾਨ ਹਾਪਕਿਨਸਨ ਯੂਨੀਵਰਸਿਟੀ ਦੇ ਮੁਤਾਬਕ ਚੀਨ ਨੇ ਬੁੱਧਵਾਰ ਤੱਕ ਇਨਫੈਕਸ਼ਨ ਦੇ ਕੁੱਲ 82,361 ਮਾਮਲੇ ਤੇ 3,316 ਲੋਕਾਂ ਦੀ ਮੌਤ ਦੇ ਅੰਕੜੇ ਜਾਰੀ ਕੀਤੇ ਸਨ। ਰਿਪਬਲਿਕਨ ਸੰਸਦ ਮੈਂਬਰ ਬੇਨ ਸਾਸੇ ਨੇ ਚੀਨ ਦੇ ਇਹਨਾਂ ਅੰਕੜਿਆਂ ਨੂੰ ਬਕਵਾਸ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਚੀਨ ਦੀ ਤੁਲਨਾ ਵਿਚ ਅਮਰੀਕਾ ਵਿਚ ਇਨਫੈਕਸ਼ਨ ਕਾਰਨ ਜ਼ਿਆਦਾ ਮੌਤਾਂ ਹੋਣ ਦਾ ਦਾਅਵਾ ਗਲਤ ਹੈ। ਇਸੇ ਰਿਪੋਰਟ 'ਤੇ ਪ੍ਰਤੀਨਿਧ ਸਭਾ ਵਿਚ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿਚ ਚੋਟੀ ਦੇ ਰਿਪਬਲਿਕਨ ਸੰਸਦ ਮੈਂਬਰ ਮੈਕਾਲ ਨੇ ਕਿਹਾ ਕਿ ਕੋਵਿਡ-19 ਦੇ ਖਿਲਾਫ ਲੜਾਈ ਵਿਚ ਚੀਨ ਭਰੋਸੇਮੰਦ ਸਹਿਯੋਗੀ ਨਹੀਂ ਹੈ।

ਮੈਕਾਲ ਨੇ ਕਿਹਾ ਕਿ ਇਨਸਾਨ ਤੋਂ ਇਨਸਾਨ ਵਿਚ ਇਨਫੈਕਸ਼ਨ ਫੈਲਣ ਦੇ ਬਾਰੇ ਵਿਚ ਉਹਨਾਂ ਨੇ ਪੂਰੀ ਦੁਨੀਆ ਨੂੰ ਝੂਠ ਬੋਲਿਆ, ਸੱਚਾਈ ਦੱਸਣ ਵਾਲੇ ਡਾਕਟਰਾਂ ਤੇ ਪੱਤਰਕਾਰਾਂ ਨੂੰ ਚੁੱਪ ਕਰਾਇਆ ਤੇ ਹੁਣ ਉਹ ਇਨਫੈਕਸ਼ਨ ਦੇ ਸਹੀ ਅੰਕੜੇ ਲੁਕਾਉਣ ਵਿਚ ਲੱਗੇ ਹੋਏ ਹਨ। ਕਈ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰਾਲਾ ਨੂੰ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 

Baljit Singh

This news is Content Editor Baljit Singh