ਅਮਰੀਕਾ ਦੀ ਸਖਤੀ, ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ''ਤੇ ਲਾਈ ਪਾਬੰਦੀ

06/04/2020 8:23:08 AM

ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਤਲਖੀ ਵਧਦੀ ਜਾ ਰਹੀ ਹੈ। ਅਮਰੀਕਾ ਨੇ ਚੀਨ ਦੇ ਖਿਲਾਫ ਹੁਣ ਇਕ ਹੋਰ ਅਹਿਮ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਰੋਕ 16 ਜੂਨ ਤੋਂ ਲਾਗੂ ਹੋਵੇਗੀ। ਅਮਰੀਕਾ ਦੇ ਆਵਾਜਾਈ ਵਿਭਾਗ ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਇਸ ਫੈਸਲੇ ਦੇ ਬਾਅਦ ਚੀਨ ਦੀਆਂ ਉਡਾਣਾਂ ਅਮਰੀਕਾ ਵਿਚ ਦਾਖਲ ਨਹੀਂ ਹੋ ਸਕਣਗੀਆਂ।

ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਫਲਾਈਟਾਂ ਨੂੰ ਲੈ ਕੇ ਮੌਜੂਦਾ ਸਮਝੌਤੇ ਦਾ ਪਾਲਣ ਕਰਨ ਵਿਚ ਚੀਨ ਅਸਫਲ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਕਾਰਨ ਮਚੀ ਤਬਾਹੀ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਕੁੜੱਤਣ ਆਈ ਹੈ। 

ਚੀਨ ਦੀਆਂ ਉਡਾਣਾਂ 'ਤੇ ਇਹ ਪਾਬੰਦੀ 16 ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਅਮਰੀਕਾ ਦੀ ਡੈਲਟਾ ਏਅਰਲਾਈਨਜ਼ ਅਤੇ ਯੁਨਾਇਟਡ ਏਅਰਲਾਈਨਜ਼ ਨੇ ਇਸ ਮਹੀਨੇ ਚੀਨ ਲਈ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਸੀ। ਇੱਥੇ ਤੱਕ ਕਿ ਚੀਨੀ ਏਅਰਲਾਈਨਜ਼ ਨੇ ਮਹਾਮਾਰੀ ਦੌਰਾਨ ਵੀ ਅਮਰੀਕਾ ਲਈ ਆਪਣੀਆਂ ਉਡਾਣਾਂ ਜਾਰੀ ਰੱਖੀਆਂ ਸਨ। 

ਅਮਰੀਕਾ ਨੇ ਪਿਛਲੇ ਮਹੀਨੇ ਬੀਜਿੰਗ 'ਤੇ ਅਮਰੀਕੀ ਏਅਰਲਾਈਨਜ਼ ਲਈ ਚੀਨ ਦੀ ਉਡਾਣ ਫਿਰ ਤੋਂ ਸ਼ੁਰੂ ਕਰਨ ਨੂੰ ਅਸੰਭਵ ਬਣਾਉਣ ਦਾ ਦੋਸ਼ ਲਗਾਇਆ ਸੀ। ਅਮਰੀਕੀ ਆਵਾਜਾਈ ਵਿਭਾਗ ਨੇ ਸਰਕਾਰੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਹੁਕਮ ਵਿਚ ਕਿਹਾ ਸੀ ਕਿ ਡੈਲਟਾ ਏਅਰਲਾਈਨਜ਼ ਅਤੇ ਯੁਨਾਈਟਡ ਏਅਰਲਾਇੰਸ ਜੂਨ ਵਿਚ ਚੀਨ ਲਈ ਉਡਾਣਾਂ ਫਿਰ ਤੋਂ ਸ਼ੁਰੂ ਕਰਨਾ ਚਾਹੁੰਦੀਆਂ ਸਨ।

ਜ਼ਿਕਰਯੋਗ ਹੈ ਕਿ ਅਮਰੀਕੀ ਏਅਰਲਾਈਨਜ਼ ਕੰਪਨੀਆਂ ਦੇ ਜਹਾਜ਼ ਫਾਈਵ ਵਨ ਪਾਲਿਸੀ ਦੇ ਬਾਵਜੂਦ ਚੀਨ ਲਈ ਉਡਾਣ ਨਹੀਂ ਭਰ ਰਹੇ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਕੰਪਨੀਆਂ ਨੇ ਚੀਨੀ ਨਾਗਰਿਕ ਉਡਾਣ ਪ੍ਰਸ਼ਾਸਨ ਵਲੋਂ ਲਗਾਈ ਗਈ ਰੋਕ ਤੋਂ ਪਹਿਲਾਂ ਹੀ ਆਪਣੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਸਨ। 

Lalita Mam

This news is Content Editor Lalita Mam