ਟਰੰਪ ਨੇ ਮੂਲਰ ਨੂੰ ਸਹਿਯੋਗ ਦੇਣ ਲਈ ਵ੍ਹਾਈਟ ਹਾਊਸ ਦੇ ਕਰਮੀਆਂ ਨੂੰ ਕੀਤਾ ਅਧਿਕਾਰਤ

08/20/2018 1:17:16 AM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਵਕੀਲ ਡਾਨ ਮੈਕਗਹਨ ਅਤੇ ਹੋਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਚੋਣ ਅਭਿਆਨ 'ਚ ਰੂਸ ਦੀ ਸਖਤ ਦਖਲਅੰਦਾਜ਼ੀ ਨੂੰ ਲੈ ਕੇ ਚੱਲ ਰਹੀ ਜਾਂਚ 'ਚ ਪੂਰੀ ਤਰ੍ਹਾਂ ਸਹਿਯੋਗ ਕਰਨ ਲਈ ਅਧਿਕਾਰਤ ਕੀਤਾ ਹੈ।


ਟਰੰਪ ਦੀ ਇਹ ਟਿੱਪਣੀ ਨਿਊਯਾਰਕ ਟਾਈਮਜ਼ ਦੀ ਉਸ ਖਬਰ ਤੋਂ ਬਾਅਦ ਆਈ ਹੈ ਜਿਸ 'ਚ ਕਿਹਾ ਗਿਆ ਸੀ ਕਿ ਮੈਕਗਹਨ ਨੇ ਵਿਸ਼ੇਸ਼ ਜੱਜ ਰਾਬਰਟ ਮੂਲਰ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਵੱਡੇ ਪੈਮਾਨੇ 'ਤੇ ਸਹਿਯੋਗ ਕੀਤਾ ਅਤੇ ਜਾਂਚ ਅਧਿਕਾਰੀਆਂ ਤੋਂ ਘੱਟੋਂ-ਘੱਟ 3 ਵਾਰ ਪੁੱਛਗਿਛ 'ਚ ਹਿੱਸਾ ਲਿਆ, ਜੋ ਕੁਲ 30 ਘੰਟੇ ਤੱਕ ਚੱਲੀ ਸੀ।


ਰਾਸ਼ਟਰਪਤੀ ਨੇ ਟਵੀਟ ਕਰ ਆਖਿਆ ਕਿ ਮੈਂ ਵਿਸ਼ੇਸ਼ ਜੱਜ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਲਈ ਵ੍ਹਾਈਟ ਹਾਊਸ ਦੇ ਬੁਲਾਰੇ ਡਾਨ ਮੈਕਗਹਨ ਨੂੰ ਇਜਾਜ਼ਤ ਦਿੱਤੀ ਅਤੇ ਵ੍ਹਾਈਟ ਹਾਊਸ ਸਟਾਫ ਦੇ ਹੋਰ ਸਾਰੇ ਮੈਂਬਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਖਿਆ ਕਿ ਇਸ ਤੋਂ ਇਲਾਵਾ ਅਸੀਂ ਕਰੀਬ 10 ਲੱਖ ਦਸਤਾਵੇਜ਼ ਮੁਹੱਈਆ ਕਰਵਾਏ। ਇਤਿਹਾਸ 'ਚ ਸਭ ਤੋਂ ਵੱਧ ਪਾਰਦਰਸ਼ਿਤਾ ਅਤੇ ਕੋਈ ਰੁਕਾਵਟ ਨਹੀਂ, ਸਿਰਫ ਕੀਚੜ ਸੁਟਿਆ ਜਾ ਰਿਹਾ ਹੈ। ਟਰੰਪ ਨੇ ਵਿਸ਼ੇਸ਼ ਜੱਜ ਰਾਬਰਟ ਮੂਲਰ ਦੀ ਅਗਵਾਈ 'ਚ ਹੋ ਰਹੀ ਜਾਂਚ ਨੂੰ ਆਪਣੇ ਸ਼ਾਸਨਕਾਲ 'ਤੇ ਇਕ ਧੱਬਾ ਦੱਸਿਆ ਹੈ ਅਤੇ ਉਹ ਵਾਰ-ਵਾਰ ਇਸ ਨੂੰ ਖਤਮ ਕਰਨ ਦੀ ਗੱਲ ਕਰਦੇ ਰਹੇ ਹਨ।