ਤਲਖੀ ਭਰੀ ਫੋਨ ਕਾਲ ਤੋਂ ਬਾਅਦ ਅੱਜ ਟਰੰਪ ਅਤੇ ਟਰਨਬੁੱਲ ਕਰਨਗੇ ਮੁਲਾਕਾਤ

05/04/2017 1:05:21 PM

ਸਿਡਨੀ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅੱਜ ਭਾਵ ਕਿ ਵੀਰਵਾਰ ਨੂੰ ਨਿਊਯਾਰਕ ''ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਸਥਾਨਕ ਰੇਡੀਓ ਨੂੰ ਦੱਸਿਆ ਕਿ ਦੋਵੇਂ ਬੇਸ਼ੱਕ ''ਜਿਗਰੀ ਯਾਰ'' ਨਹੀਂ ਹਨ ਪਰ ਨਿਸ਼ਚਿਤ ਹੀ ਇੱਕ-ਦੂਜੇ ਪ੍ਰਤੀ ਸਨਮਾਨ ਦੇ ਭਾਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਇਸ ਸਾਲ ਜਨਵਰੀ ਮਹੀਨੇ ਦੋਹਾਂ ਨੇਤਾਵਾਂ ਵਿਚਾਲੇ ਹੋਈ ਤਲਖੀ ਭਰੀ ਟੈਲੀਫੋਨ ਗੱਲਬਾਤ ਪਿੱਛੋਂ ਸੰਬੰਧ ਹੋਰ ਬਿਹਤਰ ਹੋਣਗੇ। ਸ਼੍ਰੀਮਤੀ ਬਿਸ਼ਪ ਨੇ ਕਿਹਾ ਕਿ ਮੈਨੂੰ ਇਸ ਗੱਲ ''ਤੇ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੀ ਟਰਨਬੁੱਲ ਅਤੇ ਸ਼੍ਰੀ ਟਰੰਪ ਵਿਚਾਲੇ ਚੰਗੀ ਮੁਲਾਕਾਤ ਹੋਵੇਗੀ। ਮੈਨੂੰ ਯਕੀਨ ਹੈ ਕਿ ਉਹ ਦੋਵੇਂ ਚੰਗੀ ਤਰ੍ਹਾਂ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ 28 ਜਨਵਰੀ ਨੂੰ ਸ਼ਰਣਾਰਥੀਆਂ ਦੇ ਮੁੱਦੇ ''ਤੇ ਤਲਖੀ ਭਰੀ ਗੱਲਬਾਤ ਹੋਈ ਸੀ ਅਤੇ ਇਸ ਗੱਲਬਾਤ ਦੇ ਵਿਚਾਲੇ ਹੀ ਸ਼੍ਰੀ ਟਰੰਪ ਨੇ ਫੋਨ ਕੱਟ ਦਿੱਤਾ ਸੀ। ਇਸ ਪਿੱਛੋਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚਾਲੇ ਥੋੜ੍ਹੀ ਖਟਾਸ ਆ ਗਈ ਸੀ। ਸ਼੍ਰੀ ਟਰੰਪ ਅਤੇ ਸ਼੍ਰੀ ਟਰਨਬੁੱਲ ਵਿਚਾਲੇ ਇਹ ਮੁਲਾਕਾਤ ਪਿਛਲੇ ਮਹੀਨੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਆਸਟਰੇਲੀਆ ਦੌਰੇ ਤੋਂ ਬਾਅਦ ਹੋ ਰਹੀ ਹੈ, ਜਿਸ ''ਚ ਦੋਹਾਂ ਦੇਸ਼ਾਂ ਨੇ ਆਪਣੇ ਖਾਸ ਸੰਬੰਧਾਂ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਸੀ।