ਟਰੰਪ ਨੇ ਮੂਲਰ ਦੀ ਜਾਂਚ ਰਿਪੋਰਟ ਸਬੰਧੀ ਆਸਟ੍ਰੇਲੀਆਈ ਪੀ. ਐੱਮ. ਨਾਲ ਕੀਤੀ ਸੀ ਗੱਲ

10/01/2019 11:18:50 AM

ਵਾਸ਼ਿੰਗਟਨ/ ਸਿਡਨੀ— ਆਸਟ੍ਰੇਲੀਆ ਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੂਲਰ ਜਾਂਚ ਦੇ ਸਰੋਤਾਂ  ਬਾਰੇ ਪਤਾ ਲਗਾਉਣ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਤੋਂ ਮਦਦ ਮੰਗੀ ਸੀ। ਟਰੰਪ ਨੇ ਹਾਲ ਹੀ 'ਚ ਮੌਰੀਸਨ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਅਮਰੀਕੀ ਨਿਆਂ ਵਿਭਾਗ ਲਈ ਸੂਚਨਾਵਾਂ ਇਕੱਠੀਆਂ ਕਰਨ ਲਈ ਕਿਹਾ ਸੀ। ਆਸਟ੍ਰੇਲੀਆ ਨੇ ਮੰਗਲਵਾਰ ਸਵੇਰੇ ਕਿਹਾ ਕਿ ਆਸਟ੍ਰੇਲੀਆ ਸਰਕਾਰ ਜਾਂਚ ਦੇ ਮਾਮਲਿਆਂ 'ਚ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹੀ ਹੈ। ਓਧਰ, ਇਕ ਹੋਰ ਅਖਬਾਰ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਮੌਰੀਸਨ ਨੇ ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਨਿਆਂ ਵਿਭਾਗ ਦੇ ਬੁਲਾਰੇ ਕੈਰੀ ਕੁਪੇਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਟਾਰਨੀ ਜਨਰਲ ਵਿਲੀਅਮ ਬਰ ਟਰੰਪ ਤੋਂ ਮੂਲਰ ਦੀ ਜਾਂਚ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਵਿਭਾਗੀ ਜਾਂਚ ਟੀਮ ਗਠਿਤ ਕਰਨ ਅਤੇ ਇਸ ਲਈ ਵਿਦੇਸ਼ੀ ਰਾਸ਼ਟਰਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੇ ਦਖਲ ਅਤੇ ਟਰੰਪ ਦੀ ਪ੍ਰਚਾਰ ਮੁਹਿੰਮ 'ਚ ਉਸ ਦੀ ਮਿਲੀਭੁਗਤ ਦੇ ਦੋਸ਼ਾਂ ਦੀ ਤਕਰੀਬਨ ਦੋ ਸਾਲ ਦੀ ਜਾਂਚ 'ਤੇ ਆਪਣੀ ਰਿਪੋਰਟ ਬਰ ਨੂੰ ਸੌਂਪੀ ਹੈ, ਜਿਸ ਨੂੰ ਉਜਾਗਰ ਕਰਨ ਦੀ ਮੰਗ ਉੱਠ ਰਹੀ ਹੈ। ਜ਼ਿਕਰਯੋਗ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਹੈ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਕ ਵਿਦੇਸ਼ੀ ਸਰਕਾਰ ਨਾਲ ਆਪਣੀ ਚੋਣ ਮੁਹਿੰਮ 'ਚ ਮਦਦ ਲਈ ਸੀ। ਓਧਰ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਸੇ ਤਰ੍ਹਾਂ ਦੇ ਗਲਤ ਕੰਮ ਨੂੰ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ 'ਤੇ ਆਪਣੇ ਖਿਲਾਫ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ।


Related News