ਟਰੰਪ ਨੇ ਕਥਿਤ ਚੋਣ ਧੋਖਾਧੜੀ ਮਾਮਲੇ ’ਚ ਸਿਡਨੀ ਪਾਵੇਲ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ

12/21/2020 8:52:05 AM

ਵਾਸ਼ਿੰਗਟਨ, (ਭਾਸ਼ਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਧੋਖਾਧੜੀ ਦੇ ਆਪਣੇ ਦੋਸ਼ਾਂ ਦੇ ਸਿਲਸਿਲੇ ’ਚ ਸਿਡਨੀ ਪਾਵੇਲ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਹੈ। ਪਾਵੇਲ ਟਰੰਪ ਦੀ ਚੋਣ ਮੁਹਿੰਮ ਦੀ ਕਾਨੂੰਨੀ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੂੰ ਬਾਅਦ ’ਚ ਹਟਾ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਹੋਈ ਬੈਠਕ ’ਚ ਟਰੰਪ ਨੇ ਪਾਵੇਲ ਦੀ ਨਿਯੁਕਤੀ ਦੇ ਸੰਬੰਧ ’ਚ ਚਰਚਾ ਕੀਤੀ ਸੀ। ਬੈਠਕ ਨਾਲ ਜੁੜੇ 2 ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ।

ਟਰੰਪ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ’ਚ ਹਾਰ ਮਿਲਣ ਦੇ ਬਾਅਦ ਤੋਂ ਹੀ ਚੋਣ ਧੋਖਾਧੜੀ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਚੁਣੌਤੀ ਵੀ ਦਿੱਤੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੇ ਜਾਂ ਨਹੀਂ। ਅਮਰੀਕਾ ਦੇ ਫੈਡਰਲ ਕਾਨੂੰਨ ਦੇ ਤਹਿਤ ਵਿਸ਼ੇਸ਼ ਵਕੀਲਾਂ ਦੀ ਨਿਯੁਕਤੀ ਅਟਾਰਨੀ ਜਨਰਲ ਦੀ ਜ਼ਿੰਮੇਦਾਰੀ ਹੁੰਦੀ ਹੈ। ਕਈ ਰੀਪਬਲਿਕਨ ਨੇਤਾ, ਅਟਾਰਨੀ ਜਨਰਲ ਵਿਲੀਅਮ ਬਾਰ, ਕਈ ਗਵਰਨਰ ਅਤੇ ਰਾਜ ਦੇ ਚੋਣ ਅਧਿਕਾਰੀ ਵਾਰ-ਵਾਰ ਕਹਿ ਚੁੱਕੇ ਹਨ ਕਿ ਚੋਣ ਧੋਖਾਦੇਹੀ ਦੇ ਟਰੰਪ ਦੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ। ਪਾਵੇਲ ਦੀ ਨਿਯੁਕਤੀ ਟਰੰਪ ਨੂੰ ਚੋਣ ਨਤੀਜਿਆਂ ਦੇ ਨਾ ਮੰਨਣ ਅਤੇ ਸੱਤਾ ’ਚ ਬਣੇ ਰਹਿਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ। ਨਿਯੁਕਤੀ ਨੂੰ ਲੈ ਕੇ ਖੁਦ ਪਾਵੇਲ ਅਤੇ ਵ੍ਹਾਈਟ ਹਾਊਸ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Lalita Mam

This news is Content Editor Lalita Mam