ਟਰੰਪ ਤੇ ਨੀਟੋ ਨੇ ਕੀਤੀ ਸੁਰੱਖਿਆ, ਵਪਾਰ ਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ''ਤੇ ਚਰਚਾ

02/21/2018 10:59:06 AM

ਮੈਕਸੀਕੋ ਸਿਟੀ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਪੈਨਾ ਨੀਟੋ ਸੁਰੱਖਿਆ, ਵਪਾਰ ਅਤੇ ਇਮੀਗ੍ਰੇਸ਼ਨ ਵਰਗੇ ਖੇਤਰ ਵਿਚ ਸਹਿਯੋਗ ਵਧਾਉਣ 'ਤੇ ਸਹਿਮਤ ਹਨ। ਦੋਵਾਂ ਨੇਤਾਵਾਂ ਵਿਚਕਾਰ ਇਹ ਚਰਚਾ ਟੈਲੀਫੋਨ 'ਤੇ ਹੋਈ। ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, 'ਰਾਸ਼ਟਰਪਤੀ ਟਰੰਪ ਨੇ ਅਮਰੀਕਾ ਅਤੇ ਮੈਕਸੀਕੋ ਵਿਚਕਾਰ ਸੁਰੱਖਿਆ, ਵਪਾਰ ਅਤੇ ਇਮੀਗ੍ਰੇਸ਼ਨ ਵਰਗੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੋਹਰਾਇਆ ਹੈ। ਉਥੇ ਹੀ ਨੀਟੋ ਦੇ ਦਫਤਰ ਨੇ ਵੀ ਅਜਿਹਾ ਹੀ ਇਕ ਬਿਆਨ ਜਾਰੀ ਕੀਤਾ ਹੈ।
ਦੋਵਾਂ ਨੇਤਾਵਾਂ ਨੇ ਪਿਛਲੇ ਹਫਤੇ ਪਾਰਕਲੈਂਡ ਦੇ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਅਤੇ ਮੈਕਸੀਕੋ ਦੇ ਓਕਸਾਕਾ ਵਿਚ ਫੌਜੀ ਜਹਾਜ਼ ਹਾਦਸੇ 'ਤੇ ਸੋਗ ਪ੍ਰਗਟ ਕੀਤਾ, ਜਿਸ ਵਿਚ 14 ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਟਰੰਪ ਨੇ ਮੈਕਸੀਕੋ ਦੀ ਸਰਹੱਦ 'ਤੇ ਕੰਧ ਬਣਾਉਣ ਦੀ ਘੋਸ਼ਣਾ ਕੀਤੀ ਸੀ ਅਤੇ ਇਸ ਦੇ ਨਿਰਮਾਣ ਲਈ ਮੈਕਸੀਕੋ ਨੂੰ ਹੀ ਖਰਚ ਵਹਿਨ ਕਰਨ 'ਤੇ ਜ਼ੋਰ ਦਿੱਤਾ ਸੀ, ਜਿਸ ਕਾਰਨ ਨੀਟੋ ਨੇ ਪਿਛਲੇ ਸਾਲ ਜਨਵਰੀ ਵਿਚ ਵਾਸ਼ਿੰਗਟਨ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਤਲਖ ਹੋ ਗਏ ਸਨ।