ਟਰੰਪ ਦੇ ਮਹੱਤਵਪੂਰਨ ਸਹਿਯੋਗੀ ਨੇ ਦਿੱਤਾ ਅਸਤੀਫਾ

02/08/2018 3:00:19 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਮਹੱਤਵਪੂਰਨ ਕਰੀਬੀ ਸਹਿਯੋਗੀ ਅਤੇ ਵ੍ਹਾਈਟ ਹਾਊਸ ਸਟਾਫ ਦੇ ਸਕੱਤਰ ਰਾਬ ਪੋਰਟਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀਆਂ ਦੋ ਸਾਬਕਾ ਪਤਨੀਆਂ ਵਲੋਂ ਉਨ੍ਹਾਂ ਉੱਤੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਗਾਉਣ ਤੋਂ ਬਾਅਦ ਅਸਤੀਫਾ ਦਿੱਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੋਰਟਮੈਨ ਨੇ ਬ੍ਰਿਟੇਨ ਤੋਂ ਪ੍ਰਕਾਸ਼ਿਤ ਡੇਲੀ ਮੇਲ ਨਿਊਜ਼ ਪੇਪਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਨਿਊਜ਼ ਪੇਪਰ ਨੇ ਉਨ੍ਹਾਂ ਦੀਆਂ ਦੋ ਸਾਬਕਾ ਪਤਨੀਆਂ ਕੋਲਬੀ ਹੋਲਡਰਨੇਸ ਅਤੇ ਜੇਨੀਫਰ ਵਿਲੂਬੀ ਵਲੋਂ ਲਗਾਏ ਗਏ ਘਰੇਲੂ ਹਿੰਸਾ ਸਬੰਧੀ ਦੋਸ਼ਾਂ ਨੂੰ ਪ੍ਰਕਾਸ਼ਿਤ ਕੀਤਾ ਸੀ। 40 ਸਾਲਾ ਪੋਰਟਮੈਨ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੋਰਟਮੈਨ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਮੀਡੀਆ ਨੂੰ ਦਿੱਤੀਆਂ ਤਸਵੀਰਾਂ ਤਕਰੀਬਨ 15 ਸਾਲ ਪੁਰਾਣੀਆਂ ਹਨ ਅਤੇ ਇਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਝੂਠੇ ਦਾਅਵਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੱਚੇ ਹਨ ਪਰ ਉਹ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਚਲਾਈ ਗਈ ਇਸ ਮੁਹਿੰਮ ਵਿਚ ਜਨਤਕ ਤੌਰ ਉੱਤੇ ਹੋਰ ਨਹੀਂ ਉਲਝਣਾ ਚਾਹੁੰਦੇ। ਸਟਾਫ ਸਕੱਤਰ ਦੇ ਰੂਪ ਵਿਚ ਪੋਰਟਮੈਨ ਟਰੰਪ ਦੀ ਮੇਜ਼ ਤੱਕ ਜਾਣ ਵਾਲੇ ਸਾਰੇ ਦਸਤਾਵੇਜ਼ਾਂ ਨੂੰ ਦੇਖਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੰਭਾਲ ਰਹੇ ਸਨ। ਪੋਰਟਮੈਨ ਦੀ ਪਹਿਲੀ ਪਤਨੀ ਹੋਲਡਰਨੇਸ ਨੇ ਦੋਸ਼ ਲਗਾਇਆ ਕਿ ਵ੍ਹਾਈਟ ਹਾਊਸ ਸਹਿਯੋਗੀ ਨੇ ਸ਼ਬਦੀ ਅਤੇ ਸਰੀਰਕ ਤੌਰ ਉੱਤੇ ਉਸ ਦਾ ਸ਼ੋਸ਼ਣ ਕੀਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਪੋਰਟਮੈਨ ਨੇ 2003 ਵਿਚ ਕੇਨੇਰੀ ਆਇਲੈਂਡ ਉੱਤੇ ਹਨੀਮੂਨ ਦੌਰਾਨ ਉਸ ਨੂੰ ਲੱਤ ਮਾਰੀ ਸੀ। ਹੋਲਡਰਨੇਸ ਅਮਰੀਕੀ ਸਰਕਾਰ ਵਿਚ ਮਾਹਰ ਦੇ ਤੌਰ ਉੱਤੇ ਕੰਮ ਕਰਦੇ ਹਨ। ਵਿਲੂਬੀ ਨੇ ਵੀ ਇਸ ਤਰ੍ਹਾਂ ਦੇ ਦੋਸ਼ ਲਗਾਏ ਹਨ। ਦੋਹਾਂ ਦਾ ਵਿਆਹ 2009 ਤੋਂ 2013 ਤੱਕ ਚੱਲਿਆ ਸੀ।