ਟਰੰਪ ਤੇ ਮੇਲਾਨੀਆ ਨੇ ਨਹੀਂ ਮਨਾਈ ਆਪਣੇ ਵਿਆਹ ਦੀ 13ਵੀਂ ਵਰ੍ਹੇਗੰਢ

01/25/2018 5:28:54 PM

ਵਾਸ਼ਿੰਗਟਨ(ਬਿਊਰੋ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ 22 ਜਨਵਰੀ ਨੂੰ ਆਪਣੇ ਵਿਆਹ ਦੇ 13 ਸਾਲ ਪੂਰੇ ਕੀਤੇ ਹਨ ਪਰ ਹੈਰਾਨੀ ਗੱਲ ਇਹ ਹੈ ਕਿ ਉਨ੍ਹਾਂ ਦੇ ਵਿਆਹ ਦੀ 13ਵੀਂ ਵ੍ਹਰੇਗੰਢ ਬਹੁਤ ਹੀ ਸ਼ਾਂਤੀਪੂਰਨ ਰਹੀ। ਇਸ ਦਿਨ ਨਾ ਹੀ ਕੋਈ ਖਾਸ ਸਮਾਰੋਹ ਹੋਇਆ ਅਤੇ ਨਾ ਹੀ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਨੇ ਵਿਅਕਤੀਗਤ ਤੌਰ 'ਤੇ ਕਿਸੇ ਤਰ੍ਹਾਂ ਦਾ ਜਸ਼ਨ ਮਨਾਇਆ। ਹਾਲਾਂਕਿ ਟਰੰਪ ਵੱਲੋਂ ਇਸ ਮਾਮਲੇ 'ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ, ਨਾ ਹੀ ਉਨ੍ਹਾਂ ਦੇ ਫੇਸਬੁੱਕ ਅਤੇ ਟਵਿਟਰ ਹੈਂਡਲ 'ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਤਸਵੀਰ ਅਪਲੋਡ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਪਰ ਆਪਣੇ ਵਿਆਹ ਦੀ ਵਰ੍ਹੇਗੰਢ ਨੂੰ ਲੈ ਕੇ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਨਹੀਂ ਕੀਤੀ। ਜਦੋਂ ਕਿ ਇਸ ਪੂਰੇ ਹਫਤੇ ਚੱਲੇ ਅਮਰੀਕੀ ਸ਼ਟਡਾਊਨ ਨੂੰ ਲੈ ਕੇ ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਟਵੀਟ ਕੀਤੇ।
ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ ਫਰਸਟ ਅਮਰੀਕੀ ਕਪਲ ਨੂੰ ਸੋਮਵਾਰ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਦਿਨ ਕਿਸੇ ਵੀ ਖਾਸ ਡਿਨਰ ਜਾਂ ਲੰਚ ਲਈ ਜਾਂਦੇ ਹੋਏ ਨਹੀਂ ਦੇਖਿਆ। ਇਸ ਤੋਂ ਪਹਿਲਾਂ ਇਕ ਨਿਊਜ਼ ਚੈਨਲ ਨੇ ਖਬਰ ਦਿੱਤੀ ਸੀ ਕਿ ਮੰਗਲਵਾਰ ਨੂੰ ਮੇਲਾਨੀਆ ਆਪਣੇ ਪਤੀ ਟਰੰਪ ਨਾਲ ਦਾਵੋਸ ਵਿਚ ਆਯੋਜਿਤ ਵਰਲਡ ਇਕੋਨਾਮਿਕ ਫੋਰਮ ਵਿਚ ਸ਼ਾਮਲ ਹੋਣ ਲਈ ਨਹੀਂ ਜਾਏਗੀ। ਹਾਲਾਂਕਿ ਸ਼ਟਡਾਊਨ ਕਾਰਨ ਸੋਮਵਾਰ ਤੱਕ ਟਰੰਪ ਦੀ ਯਾਤਰਾ ਰੋਕ ਦਿੱਤੀ ਗਈ ਸੀ ਪਰ ਬਾਅਦ ਵਿਚ ਇਸ ਦਾ ਹੱਲ ਕੱਢ ਲਿਆ ਗਿਆ।
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਟਰੰਪ ਬੁੱਧਵਾਰ ਸ਼ਾਮ WEF ਵਿਚ ਭਾਗ ਲੈਣ ਲਈ ਦਾਵੋਸ ਲਈ ਰਵਾਨਾ ਹੋਣਗੇ, ਜਿੱਥੇ ਉਹ ਵੀਰਵਾਰ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ, ਬ੍ਰਿਟਿਸ਼ ਪੀ. ਐਮ ਥੈਰੇਸਾ ਮੇਅ ਅਤੇ ਸਵਿਸ ਰਾਸ਼ਟਰਪਤੀ ਐਲਨ ਬਰਸਸੇਟ ਨਾਲ ਵੀ ਮੁਲਾਕਾਤ ਕਰਨਗੇ ਅਤੇ ਸ਼ੁੱਕਰਵਾਰ ਨੂੰ ਸੰਬੋਧਨ ਦੇ ਕੇ ਵਾਪਸ ਅਮਰੀਕਾ ਪਰਤ ਆਉਣਗੇ। ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਵਿਚ ਦਾਵੋਸ ਵਿਚ ਵਿਸ਼ਵ ਆਰਥਿਕ ਮੰਚ ਵਿਚ ਸ਼ਾਮਲ ਹੋਣ ਵਾਲੇ ਉਹ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਚ. ਆਰ. ਮੈਕਸਟਰ ਮੁਤਾਬਕ ਵੀਰਵਾਰ ਨੂੰ ਆਪਣੇ ਸੰਬੋਧਨ ਵਿਚ ਟਰੰਪ ਉਤਰੀ ਕੋਰੀਆ ਦਾ ਮਿਜ਼ਾਇਲ ਪ੍ਰੀਖਣ, ਸੀਰੀਆਈ ਗ੍ਰਹਿਯੁੱਧ, ਇਸਲਾਮੀ ਰਾਜ ਅਤੇ ਈਰਾਨ ਦੇ ਪ੍ਰਮਾਣੂ ਸਮਝੌਤੇ ਦੇ ਮੁੱਦੇ 'ਤੇ ਚਰਚਾ ਕਰਨਗੇ।