ਟਰੰਪ ਦਾ ਵੱਡਾ ਫੈਸਲਾ, 60 ਰੂਸੀ ਡਿਪਲੋਮੈਟਾਂ ਨੂੰ ਅਮਰੀਕਾ ਛੱਡਣ ਲਈ ਕਿਹਾ

03/27/2018 10:57:01 AM

ਵਾਸ਼ਿੰਗਟਨ(ਬਿਊਰੋ)— ਜਾਸੂਸ ਸਰਗੇਈ ਸਕ੍ਰਿਪਲ 'ਤੇ ਕੈਮੀਕਲ ਹਮਲੇ ਦੇ ਮਾਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ। ਸੋਮਵਾਰ ਨੂੰ ਟਰੰਪ ਨੇ 7 ਦਿਨਾਂ ਅੰਦਰ 60 ਰੂਸੀ ਡਿਪਲੋਮੈਟਾਂ ਨੂੰ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਹਨ। ਟਰੰਪ ਨੇ ਸਿਏਟਲ ਸਥਿਤ ਰੂਸੀ ਦੂਤਘਰ ਨੂੰ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਬ੍ਰਿਟੇਨ ਵਿਚ ਸਾਬਕਾ ਜਾਸੂਸ 'ਤੇ ਹਮਲੇ ਦੇ ਮਾਮਲੇ ਵਿਚ ਟਰੰਪ ਦਾ ਇਹ ਹੁਕਮ ਯੂਨਾਈਟਡ ਸਟੇਟਸ ਅਤੇ ਯੂਰਪੀ ਯੂਨੀਅਨ ਦੇਸ਼ਾਂ ਵੱਲੋਂ ਮਾਸਕੋ ਲਈ ਸਜ਼ਾ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਯੂਰਪੀ ਯੂਨੀਅਨ ਦੇ 14 ਰਾਜਾਂ ਨੇ ਵੀ ਸੰਯੁਕਤ ਰੂਪ ਨਾਲ ਸੈਲਿਸਬਰੀ ਸ਼ਹਿਰ ਦੇ ਸਾਬਕਾ ਜਾਸੂਸ 'ਤੇ ਹਮਲੇ ਦੇ ਵਿਰੋਧ ਵਿਚ ਰਸ਼ੀਅਨ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਣ ਦਾ ਫੈਸਲਾ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, 'ਅੱਜ ਦੀ ਕਾਰਵਾਈ, ਜਿਸ ਵਿਚ ਅਮਰੀਕੀਆਂ 'ਤੇ ਜਸੂਸੀ ਕਰਨ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਖਤਰੇ ਵਿਚ ਪਾਉਣ ਵਾਲੇ ਗੁਪਤ ਅਭਿਆਨ ਚਲਾਉਣ ਦੀ ਰੂਸ ਦੀ ਸਮਰੱਥਾ ਨੂੰ ਘਟਾਇਆ ਗਿਆ ਹੈ। ਇਸ ਦੇ ਚਲਦੇ ਅਮਰੀਕਾ ਹੋਰ ਸੁਰੱਖਿਅਤ ਹੋਇਆ ਹੈ। ਇਹ ਕਦਮ ਚੁੱਕ ਕੇ ਅਮਰੀਕਾ, ਸਾਡੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੇ ਰੂਸ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸ ਦੀਆਂ ਗਤੀਵਿਧੀਆਂ ਦੇ ਗਲਤ ਨਤੀਜੇ ਹੋਣਗੇ।'
ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਬ੍ਰਿਟੇਨ ਵਿਚ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ 'ਤੇ ਨਰਵ ਏਜੰਟ ਦੇ ਹਮਲੇ ਵਿਰੁੱਧ ਕੀਤੀ ਗਈ ਕਾਰਵਾਈ ਹੈ। ਇਸ ਹਮਲੇ ਲਈ ਬ੍ਰਿਟੇਨ ਰੂਸ ਨੂੰ ਜ਼ਿੰਮੇਦਾਰ ਠਹਿਰਾਉਂਦਾ ਹੈ। ਸਕ੍ਰਿਪਲ (66) ਅਤੇ ਉਨ੍ਹਾਂ ਦੀ ਧੀ ਯੂਲੀਆ (33) ਹਮਲੇ ਦੇ ਬਾਅਦ ਤੋਂ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਭਰਤੀ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ ਮਾਸਕੋ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਅਤੇ ਮਾਸਕੋ ਵਿਰੁੱਧ ਇਸ ਫੈਸਲੇ ਨੂੰ ਟਰੰਪ ਸਰਕਾਰ ਦਾ ਇਕ ਅਹਿਮ ਫੈਸਲਾ ਮੰਨਿਆ ਜਾ ਸਕਦਾ ਹੈ। ਇਕ ਹਫਤਾ ਪਹਿਲਾਂ ਹੀ ਟਰੰਪ ਨੇ ਪੁਤਿਨ ਨੂੰ ਫੋਨ 'ਤੇ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ 'ਤੇ ਵਧਾਈ ਦਿੱਤੀ ਸੀ ਪਰ ਜਾਸੂਸ 'ਤੇ ਹਮਲੇ ਦੇ ਮੁੱਦੇ ਨੂੰ ਨਹੀਂ ਚੁੱਕਿਆ ਸੀ। ਯੂ. ਐਸ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਰੂਸ ਦੇ ਗੁਆਂਢੀ ਦੇਸ਼ਾਂ ਸਮੇਤ ਦਰਜਨਾਂ ਦੇਸ਼ ਆਪਣੇ ਇੱਥੋਂ ਰੂਸੀ ਡਿਪਲੋਮੈਟਾਂ ਦੀ ਗਿਣਤੀ ਘੱਟ ਕਰਨ ਜਾਂ ਮਾਸਕੋ ਦੇ ਵਿਰੋਧ ਵਿਚ ਦੂਜੇ ਐਕਸ਼ਨ ਲੈ ਸਕਦੇ ਹਨ।