ਪੰਜਾਬੀਆਂ ਦੀ ''ਫੌਜ'' ਲੈ ਕੇ ਟਰੂਡੋ ਆਉਣਗੇ ਭਾਰਤ

Thursday, Feb 15, 2018 - 12:22 AM (IST)

ਓਟਾਵਾ— ਭਾਰਤ ਫੇਰੀ ਸਬੰਧਤ ਪ੍ਰੋਗਰਾਮ ਨੂੰ ਹਾਲ ਹੀ 'ਚ ਅੰਤਮ ਰੂਪ ਦੇ ਦਿੱਤਾ ਗਿਆ, ਜਿਸ ਮੁਤਾਬਕ ਟਰੂਡੋ ਦੀ ਅਗਵਾਈ ਹੇਠ ਕੈਨੇਡੀਅਨ ਵਫ਼ਦ 16 ਫ਼ਰਵਰੀ ਨੂੰ ਓਟਵਾ ਤੋਂ ਰਵਾਨਾ ਹੋਵੇਗਾ। ਵਫ਼ਦ 'ਚ 6 ਕੈਬਨਿਟ ਮੰਤਰੀ ਹੋਣਗੇ, ਜਿਨ੍ਹਾਂ 'ਚੋਂ ਚਾਰ ਪੰਜਾਬੀ ਮੂਲ ਦੇ ਹਨ। 14 ਪਾਰਲੀਮੈਂਟ ਮੈਂਬਰ ਵੱਖਰੇ ਤੌਰ 'ਤੇ ਭਾਰਤ ਪੁੱਜਣ ਮਗਰੋਂ ਵਫ਼ਦ ਵਿਚ ਸ਼ਾਮਲ ਹੋਣਗੇ ਅਤੇ ਇਨ੍ਹਾਂ 'ਚੋਂ 12 ਪੰਜਾਬੀ ਮੂਲ ਦੇ ਹਨ।
ਟਰੂਡੋ ਦੇ 6 ਮੈਂਬਰੀ ਵਫਦ 'ਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਤੇ ਬੁਨਿਆਦੀ ਢਾਂਚਾ ਅਤੇ ਭਾਈਚਾਰਾ ਮੰਤਰੀ ਅਮਰਜੀਤ ਸੋਹੀ ਵੀ ਉਨ੍ਹਾਂ ਦੇ ਨਾਲ ਆਉਣਗੇ। ਕੈਨੇਡੀਅਨ ਵਫ਼ਦ 17 ਫ਼ਰਵਰੀ ਨੂੰ ਦਿੱਲੀ ਪੁੱਜੇਗਾ, ਜਿਥੇ ਭਾਰਤ ਸਰਕਾਰ ਵੱਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮਗਰੋਂ ਜਸਟਿਨ ਟਰੂਡੋ 18 ਫ਼ਰਵਰੀ ਨੂੰ ਤਾਜ ਮੱਹਲ ਵੇਖਣ ਜਾਣਗੇ ਜਦਕਿ 19 ਫ਼ਰਵਰੀ ਨੂੰ ਅਹਿਮਦਾਬਾਦ ਵਿਖੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਪੰਜਾਬੀ ਮੂਲ ਦੇ ਕੈਬਨਿਟ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਸਮੇਤ ਕੈਨੇਡਾ ਦੇ ਪ੍ਰਧਾਨ ਮੰਤਰੀ 21 ਫ਼ਰਵਰੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। 
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਟਰੂਡੋ ਭਾਰਤ ਆ ਰਹੇ ਹਨ। ਟਰੂਡੋ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਅਤੇ ਭਾਰਤ 'ਚ ਬਹੁਤ ਸਾਰੀਆਂ ਸਮਾਨਤਾਵਾਂ ਹਨ । ਉਨ੍ਹਾਂ ਕਿਹਾ ਕਿ ਇਸ ਫੇਰੀ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ।


Related News