ਨਸਲੀ ਮੇਕਅਪ ਦੇ ਮੁਆਫੀਨਾਮੇ ''ਤੇ ਟਰੂਡੋ ਦੇ ਹੱਕ ''ਚ ਨਿੱਤਰੇ ਲੋਕ

09/21/2019 5:26:00 PM

ਟੋਰਾਂਟੋ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇਹ ਕਬੂਲ ਕੀਤਾ ਕਿ ਬਹੁਤ ਸਾਲ ਪਹਿਲਾਂ ਕੀਤੇ ਗਏ ਨਸਲੀ ਮੇਕਅਪ ਨਾਲ ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਨਿਰਾਸ਼ ਕੀਤਾ ਹੈ। ਟਰੂਡੋ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੈਂ ਲੋਕਾਂ ਨੂੰ ਦੁਖ ਪਹੁੰਚਾਇਆ ਹੈ ਜਿਨ੍ਹਾਂ ਨੇ ਕਈ ਮਾਮਲਿਆਂ ਵਿਚ ਮੈਨੂੰ ਆਪਣਾ ਸਹਿਯੋਗੀ ਮੰਨਿਆ। ਉਨ੍ਹਾਂ ਨੇ ਕਿਹਾ ਕਿ ਮੈਂ ਕਈ ਲੋਕਾਂ ਨੂੰ ਨਿਰਾਸ਼ ਕੀਤਾ। 47 ਸਾਲਾ ਟਰੂਡੋ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਦੂਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਐਂਡ੍ਰਿਊ ਸ਼ੀਅਰ ਨੇ ਨਸਲੀ ਮੇਕਅਪ ਦੇ ਖੁਲਾਸਿਆਂ ਤੋਂ ਬਾਅਦ ਉਨ੍ਹਾਂ ਨੂੰ ਸ਼ਾਸਨ ਦੇ ਲਾਇਕ ਨਹੀਂ ਦੱਸਿਆ ਸੀ। ਪਰ ਪ੍ਰਧਾਨ ਮੰਤਰੀ ਦੀ ਲਿਬਰਲ ਪਾਰਟੀ ਦੇ ਵੱਡੇ ਨਾਂ ਟਰੂਡੋ ਦੀ ਹਮਾਇਤ ਕਰ ਰਹੇ ਹਨ। ਇਸ ਵਿਚ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਵੀ ਨਾਂ ਹੈ ਜੋ ਟਰੂਡੋ ਦੇ ਹਾਰਨ 'ਤੇ ਲਿਬਰਲ ਨੇਤਾ ਬਣਨ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ।

ਰਾਜਨੀਤੀ ਅਤੇ ਸਰਕਾਰ ਵਿਚ ਸਰਗਰਮ ਕੈਨੇਡਾ ਦੇ ਕਈ ਘੱਟ ਗਿਣਤੀ ਟਰੂਡੋ ਨੂੰ ਮੁਆਫ ਕਰਨ ਲਈ ਤਿਆਰ ਹਨ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵਿੱਟਰ 'ਤੇ ਲਿਖਿਆ ਕਿ ਜਿੰਨਾ ਮੈਂ ਜਸਟਿਨ ਟਰੂਡੋ ਨੂੰ ਜਾਨ ਸਕਿਆ ਹਾਂ ਕਿ ਇਹ ਤਸਵੀਰਾਂ ਅੱਜ ਦੇ ਟਰੂਡੋ ਨੂੰ ਨਹੀਂ ਦਰਸ਼ਾਉਂਦੀਆਂ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕਿੰਨਾ ਦੁੱਖ ਹੈ। ਟੋਰਾਂਟੋ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਨੈਲਸਨ ਵਾਈਸਮੈਨ ਨੇ ਅੰਦਾਜ਼ਾ ਲਗਾਇਆ ਕਿ ਟਰੂਡੋ ਇਸ ਮਾਮਲੇ ਵਿਚੋਂ ਆਸਾਨੀ ਨਾਲ ਬਾਹਰ ਨਿਕਲ ਆਉਣਗੇ। ਵਾਈਸਮੈਨ ਨੇ ਕਿਹਾ ਕਿ ਸਗੋਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹਮਦਰਦੀ ਹੀ ਮਿਲ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਗਲਤ ਦੱਸਿਆ ਕਿ ਨਸਲ ਜਾਂ ਵਖਰੇਵੇਂ ਦੇ ਮਾਮਲੇ ਵਿਚ ਟਰੂਡੋ ਢੋਂਗੀ ਹੈ। ਉਨ੍ਹਾਂ ਨੇ ਇਸ ਵੱਲ ਧਿਆਨ ਦਿਵਾਇਆ ਕਿ ਟਰੂਡੋ ਦਾ ਮੰਤਰੀਮੰਡਲ ਲਿੰਗ ਅਤੇ ਨਸਲੀ ਪਿਛੋਕੜ ਦੇ ਲਿਹਾਜ਼ ਨਾਲ ਕੈਨੇਡੀਆਈ ਇਤਿਹਾਸ ਦਾ ਸਭ ਤੋਂ ਵੱਖਰਾ ਮੰਤਰੀਮੰਡਲ ਹੈ।

Sunny Mehra

This news is Content Editor Sunny Mehra