ਮੋਗੇ ਤੋਂ ਕੈਨੇਡਾ ਗਏ ਟਰੱਕ ਡਰਾਈਵਰ ਨੇ ਬੇਰਹਿਮੀ ਨਾਲ ਕਤਲ ਕੀਤੀ ਸੀ ਪਤਨੀ, ਕਬੂਲਿਆ ਦੋਸ਼

11/16/2017 3:42:37 PM

ਬਰੈਂਪਟਨ,(ਏਜੰਸੀ)— ਪੰਜਾਬ ਦੇ ਸ਼ਹਿਰ ਮੋਗੇ ਤੋਂ ਕੈਨੇਡਾ ਜਾ ਕੇ ਵੱਸੇ 52 ਸਾਲਾ ਸੁਖਚੈਨ ਸਿੰਘ ਬਰਾੜ ਨੇ ਆਪਣੀ ਪਤਨੀ ਨੂੰ ਕਤਲ ਕਰਨ ਦਾ ਕਸੂਰ ਮੰਨ ਲਿਆ ਹੈ। ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ 'ਚ ਇਸ ਕੇਸ ਦੇ ਟਰਾਇਲ ਦੌਰਾਨ ਅਤੇ ਸੁਖਚੈਨ ਨੇ ਆਪਣਾ ਕਸੂਰ  ਮੰਨਦੇ ਹੋਇਆ ਰਹਿਮ ਦੀ ਅਪੀਲ ਕੀਤੀ।  31 ਜਨਵਰੀ 2016 ਨੂੰ ਸਾਰਨੀਆ 'ਚ ਹਾਈਵੇਅ 402 'ਤੇ ਸੁਖਚੈਨ ਨੇ ਆਪਣੀ 37 ਸਾਲਾ ਪਤਨੀ ਗੁਰਪ੍ਰੀਤ ਬਰਾੜ ਦੇ ਸਿਰ 'ਤੇ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਸੀ। ਆਪਣੇ ਕਸੂਰ ਨੂੰ ਛੁਪਾਉਣ ਲਈ ਉਸ ਨੇ ਉਸ ਦੀ ਲਾਸ਼ ਨੂੰ ਟਰੱਕ ਸਮੇਤ ਸਾੜ ਦਿੱਤਾ ਸੀ। ਪਹਿਲਾਂ ਕਿਹਾ ਗਿਆ ਸੀ ਕਿ ਇਹ ਪੰਜਾਬੀ ਜੋੜਾ 31 ਜਨਵਰੀ ਨੂੰ ਆਪਣੇ ਟਰੱਕ ਰਾਹੀਂ ਟੋਰਾਂਟੋ ਤੋਂ ਅਮਰੀਕਾ ਜਾ ਰਿਹਾ ਸੀ ਤੇ ਕੈਨੇਡਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਹਾਈਵੇ 402 'ਤੇ ਉਨ੍ਹਾਂ ਦੇ ਟਰੱਕ ਨੂੰ ਅੱਗ ਲੱਗ ਗਈ ਸੀ। ਇਸ 'ਚ ਸੁਖਚੈਨ ਬਰਾੜ ਤਾਂ ਬਚ ਗਿਆ ਪਰ ਉਸ ਦੀ ਪਤਨੀ ਗੁਰਪ੍ਰੀਤ ਬਰਾੜ ਅੱਗ ਦੀ ਲਪੇਟ 'ਚ ਆ ਗਈ ਅਤੇ ਟਰੱਕ ਦੇ ਨਾਲ ਹੀ ਸੜ ਕੇ ਸਵਾਹ ਹੋ ਗਈ। ਇਸ ਜੋੜੇ ਦੇ ਦੋ ਪੁੱਤ ਅਤੇ ਇਕ ਧੀ ਹੈ। ਇਸ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਉਹ ਪੰਜਾਬ ਦਾ ਦੌਰਾ ਕਰਕੇ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਨਾਲ ਧੱਕਾ ਵੱਜਾ ਸੀ। ਜਾਂਚ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਮ੍ਰਿਤਕ ਗੁਰਪ੍ਰੀਤ ਘਰ 'ਚ ਬਹੁਤ ਪਰੇਸ਼ਾਨ ਰਹਿੰਦੀ ਸੀ ਤੇ ਉਹ ਇਕੱਲੀ ਹੀ ਭਾਰਤ ਆਉਣ ਦੀ ਤਿਆਰੀ ਵੀ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਹੱਥੋਂ ਮਾਰੀ ਗਈ।
ਤੁਹਾਨੂੰ ਦੱਸ ਦਈਏ ਕਿ ਸੁਖਚੈਨ ਬਰਾੜ ਦਾ ਸੰਬੰਧ ਪੰਜਾਬ ਦੇ ਸ਼ਹਿਰ ਮੋਗੇ ਨਾਲ ਹੈ। ਉਹ ਟਰੱਕ ਚਲਾਉਣ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਵਿੱਚ ਕਬੱਡੀ ਦੇ ਉੱਘੇ ਕੁਮੈਂਟੇਟਰ ਵੱਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਉਸ ਵਲੋਂ ਕੀਤੀ ਗਈ ਇਸ ਸ਼ਰਮਨਾਕ ਕਰਤੂਤ ਕਾਰਨ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਸਾਰੇ ਸਬੂਤ ਪੇਸ਼ ਕਰਕੇ ਸੁਖਚੈਨ ਨੂੰ ਸਖਤ ਸਜ਼ਾ ਦਵਾਉਣਗੇ।