ਕੈਨੇਡੀਅਨ ਵਾਤਾਵਰਣ ਨੂੰ ਲੈ ਕੇ ਪਰੇਸ਼ਾਨ ਜ਼ਰੂਰ ਪਰ ਟੈਕਸ ਦੇਣ ਨੂੰ ਸਾਰੇ ਪਿੱਛੇ

06/20/2019 2:25:34 AM

ਟੋਰਾਂਟੋ - ਕੈਨੇਡਾ ਦੇ ਲੋਕ ਵਾਤਾਵਰਣ ਤਬਦੀਲੀਆਂ ਤੋਂ ਬੇਹੱਦ ਚਿੰਤਤ ਹਨ ਅਤੇ ਸਮੱਸਿਆ ਦੇ ਟਾਕਰੇ ਲਈ ਆਪਣੇ ਰਹਿਣ-ਸਹਿਣ 'ਚ ਤਬਦੀਲੀਆਂ ਕਰਨ ਵਾਸਤੇ ਵੀ ਸਹਿਮਤ ਹਨ ਪਰ ਵਾਧੂ ਟੈਕਸ ਦੇਣਾ ਨਹੀਂ ਚਾਹੁੰਦੇ। ਇਹ ਪ੍ਰਗਟਾਵਾ ਸੀ. ਬੀ. ਸੀ. ਵੱਲੋਂ ਕਰਵਾਏ ਸਰਵੇਖਣ 'ਚ ਕੀਤਾ ਗਿਆ ਹੈ।
ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਦੋ-ਤਿਹਾਈ ਕੈਨੇਡੀਅਨ ਵਾਤਾਵਰਣ ਤਬਦੀਲੀਆਂ ਦੀ ਸਮੱਸਿਆ ਨਾਲ ਟਾਕਰੇ ਨੂੰ ਮੁੱਖ ਤਰਜੀਹ ਮੰਨਦੇ ਹਨ ਪਰ ਅੱਧੇ ਲੋਕ ਆਰਥਿਕ ਸਹਾਇਤਾ ਵਜੋਂ 9 ਡਾਲਰ ਪ੍ਰਤੀ ਮਹੀਨਾ ਦਾ ਯੋਗਦਾਨ ਪਾਉਣ ਵਾਸਤੇ ਵੀ ਤਿਆਰ ਨਹੀਂ। ਸੀ. ਬੀ. ਸੀ. ਦਾ ਇਹ ਸਰਵੇਖਣ 31 ਮਈ ਤੋਂ 10 ਜੂਨ ਦਰਮਿਆਨ ਕੀਤਾ ਗਿਆ ਅਤੇ 4500 ਕੈਨੇਡੀਅਨ ਲੋਕਾਂ ਦੀ ਰਾਏ ਦਰਜ ਕੀਤੀ ਗਈ।
ਸਰਵੇਖਣ 'ਚ ਸ਼ਾਮਲ 19 ਫੀਸਦੀ ਕੈਨੇਡੀਅਨ ਧਰਤੀ ਦੇ ਲਗਾਤਾਰ ਗਰਮ ਹੋਣ ਕਾਰਨ ਗੰਭੀਰ ਚਿੰਤਾ 'ਚ ਮਹਿਸੂਸ ਹੋਏ ਜਦਕਿ 32 ਫੀਸਦੀ ਨੇ ਕਿਹਾ ਕਿ ਸਮੱਸਿਆ ਨਾਲ ਨਜਿੱਠਣ ਲਈ ਵਾਧੂ ਟੈਕਸ ਲਾਏ ਜਾਣ 'ਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਖ਼ਰਚਾ ਵਧ ਜਾਵੇਗਾ। ਦੂਜੇ ਪਾਸੇ 38 ਫੀਸਦੀ ਲੋਕਾਂ ਨੇ ਕਿਹਾ ਕਿ ਮਨੁੱਖਤਾ ਦਾ ਬਚਾਅ ਤਾਂ ਹੀ ਸੰਭਵ ਹੈ ਜੇ ਧਰਤੀ 'ਤੇ ਲਗਾਤਾਰ ਵਧ ਰਹੀ ਗਰਮੀ ਨੂੰ ਰੋਕਿਆ ਜਾਵੇ। 20 ਫੀਸਦੀ ਲੋਕਾਂ ਨੇ ਕਿਹਾ ਕਿ ਪੌਣ-ਪਾਣੀ 'ਚ ਆ ਰਹੀਆਂ ਤਬਦੀਲੀਆਂ ਅਹਿਮ ਮਸਲਾ ਹਨ ਪਰ ਇਨਾਂ ਨੂੰ ਮੁੱਖ ਤਰਜੀਹ ਨਹੀਂ ਮੰਨਿਆ ਜਾ ਸਕਦਾ।

Khushdeep Jassi

This news is Content Editor Khushdeep Jassi