ਕੈਨੇਡਾ : ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਬ੍ਰਿਟਿਸ਼ ਕੋਲੰਬੀਆ ’ਚ ਲੜੇਗੀ ਚੋਣ

10/07/2020 7:56:18 AM

ਮੋਹਾਲੀ, (ਪਰਦੀਪ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਲਈ ਲਿਬਰਲ ਪਾਰਟੀ ਵਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਯੂਥ ਅਕਾਲੀ ਨੇਤਾ ਅਤੇ ਉੱਘੇ ਵਪਾਰੀ ਆਗੂ ਜਿੰਮੀ ਸ਼ਰਮਾ ਨੇ ਕਿਹਾ ਕਿ ਤ੍ਰਿਪਤ ਅਟਵਾਲ ਵਲੋਂ ਬ੍ਰਿਟਿਸ਼ ਕੋਲੰਬੀਆ ਜਾ ਕੇ ਅਜਿਹੀ ਪ੍ਰਾਪਤੀ ਕਰਨਾ ਨਾ ਸਿਰਫ ਪੰਜਾਬੀਆਂ ਲਈ ਬਲਕਿ ਜਨਾਨੀਆਂ ਲਈ ਸਨਮਾਨ ਅਤੇ ਮਾਣ ਵਾਲੀ ਗੱਲ ਹੈ ਅਤੇ ਤ੍ਰਿਪਤ ਅਟਵਾਲ ਅਗਾਮੀ 24 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨਗੇ। ਉਹ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਬਰਨਬੀ-ਐਡਮੰਡਸ ਤੋਂ ਚੋਣ ਲੜ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਤ੍ਰਿਪਤ ਅਟਵਾਲ ਦੇ ਭਰਾ ਅਤੇ ਸਾਬਕਾ ਵਿਧਾਇਕ ਇੰਦਰਇਕਬਾਲ ਸਿੰਘ ਰਿੰਕੂ ਅਟਵਾਲ ਨੇ ਕਿਹਾ ਕਿ 2008 ਤੋਂ ਕੈਨੇਡਾ ਰਹਿ ਰਹੀ ਉਨ੍ਹਾਂ ਦੀ ਭੈਣ ਤ੍ਰਿਪਤ ਕੌਰ ਅਟਵਾਲ ਨੇ ਸ਼ੁਰੂ ਤੋਂ ਹੀ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਚਲਦਿਆਂ ਲਿਬਰਲ ਪਾਰਟੀ ਵਲੋਂ ਤ੍ਰਿਪਤ ਨੂੰ ਬ੍ਰਿਟਿਸ਼ ਕੋਲੰਬੀਆ ਦੀਆਂ ਹੋਣ ਜਾ ਰਹੀਆਂ ਸੂਬਾਈ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਅਟਵਾਲ ਨੇ ਕਿਹਾ ਕਿ ਤ੍ਰਿਪਤ ਨੇ ਬ੍ਰਿਟਿਸ਼ ਕੋਲੰਬੀਆ ਵਿਚ ਠਹਿਰਾਓ ਕਰਦਿਆਂ ਹੀ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਕੰਮ ਕੀਤੇ ਅਤੇ ਅਜਿਹਾ ਕਰਦਿਆਂ ਤ੍ਰਿਪਤ ਨੇ ਨਾ ਸਿਰਫ ਲੋਕਾਂ ਦੇ ਮਨਾਂ ਵਿਚ ਸਗੋਂ ਪਾਰਟੀ ਵਿਚ ਵੀ ਥਾਂ ਬਣਾਈ।

Lalita Mam

This news is Content Editor Lalita Mam