ਉੱਘੇ ਲੇਖਕ ਸ਼ਿਵਚਰਨ ਸਿੰਘ ਗਿੱਲ ਨੂੰ ਭਾਈਚਾਰੇ ਵਲੋਂ ਦਿੱਤੀ ਗਈ ਸ਼ਰਧਾਂਜਲੀ

02/16/2018 1:21:13 AM

ਲੰਡਨ (ਰਾਜਵੀਰ ਸਮਰਾ)— ਪੰਜਾਬੀ ਦੇ ਪ੍ਰਸਿੱਧ ਲੇਖਕ ਸ਼ਿਵਚਰਨ ਸਿੰਘ ਗਿੱਲ ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਐਤਵਾਰ 11 ਫਰਵਰੀ ਨੂੰ ਹੈਵਲਕ ਰੋਡ ਸਥਿਤ ਸਿੰਘ ਸਭਾ ਗੁਰਦਵਾਰਾ ਵਿਖੇ ਪਾਇਆ ਗਿਆ। ਜਿਸ ਮੌਕੇ ਗਿੱਲ ਹੁਰਾਂ ਦੀ ਪਤਨੀ, ਬੱਚੇ ਅਤੇ ਹੋਰ ਰਿਸ਼ਤੇਦਾਰ ਤੋਂ ਇਲਾਵਾ ਕਮਿਊਨਿਟੀ ਦੀਆਂ ਪ੍ਰਸਿੱਧ ਹਸਤੀਆਂ ਵੀ ਮੌਜੂਦ ਸਨ।| ਸਰਦਾਰ ਗਿੱਲ ਪਿਛਲੇ ਸਾਲ ਚਲਾਣਾ ਕਰ ਗਏ ਸਨ। ਸ਼੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਸਾਨੂੰ ਪੰਜਾਬੀ ਲੇਖਕਾਂ ਦੀ ਦੇਣ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ। ਸਭਾ ਦੇ ਟਰੱਸਟੀ ਸ. ਸੁਰਜੀਤ ਸਿੰਘ ਬਿਲਗਾ ਨੇ ਕਿਹਾ ਕਿ ਸ਼ਿਵਚਰਨ ਸਿੰਘ ਗਿੱਲ ਤੀਖਣ ਬੁੱਧੀ ਦੇ ਮਾਲਕ ਸਨ ਤੇ ਕਮਿਊਨਿਟੀ ਦੇ ਜ਼ਿਕਰਯੋਗ ਹਸਤਾਖ਼ਰ ਸਨ।
ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦੇ ਪ੍ਰਧਾਨ ਡਾ. ਸਾਥੀ ਲੁਧਿਆਣਵੀ ਨੇ ਕਿਹਾ ਕਿ ਗਿੱਲ ਸਾਹਿਬ ਊਨਾ ਦੇ ਮਿੱਤਰ ਪਿਆਰੇ ਵੀ ਸਨ ਤੇ ਗੁਆਂਢੀ ਵੀ ਸਨ।|ਆਪ ਨੇ ਕਿਹਾ ਕਿ ਕਹਾਣੀ, ਕਵਿਤਾ ਤੇ ਲੇਖ ਲਿਖਣਾ ਉਨ੍ਹਾਂ ਦਾ ਕਰਮ ਖੇਤਰ ਸੀ|ਅਕਾਲ ਕਮਿਊਨਿਟੀ ਪ੍ਰਾਜੈਕਟ ਦੇ ਸੰਚਾਲਕ ਜਤਿੰਦਰਪਾਲ ਸਿੰਘ ਥਾਂਦੀ ਨੇ ਕਿਹਾ ਕਿ ਸ. ਗਿੱਲ ਸਿੱਖੀ ਵਿਚ ਜੰਮੇ, ਸਿੱਖੀ ਸਮਝੀ, ਸਿੱਖੀ ਹੰਢਾਈ ਅਤੇ ਸਿੱਖੀ ਵਿਚ ਪੂਰਨ ਹੋਏ।|ਜਿਸ ਕਾਰਨ ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਸਮੇਤ ਕਈ ਸੰਸਥਾਵਾਂ ਨੇ ਸਨਮਾਨਿਤ ਕੀਤਾ। ਮਨਪ੍ਰੀਤ ਸਿੰਘ ਬੱਧਣੀ ਕਲਾ ਨੇ ਕਿਹਾ ਕਈ ਗਿੱਲ ਜੀ ਹਮੇਸ਼ਾ ਨਵੇਂ ਲੇਖਕਾਂ ਨੂੰ ਹੱਲਾਸ਼ੇਰੀ ਦਿਆ ਕਰਦੇ ਸਨ। ਕੌਂਸਲਰ ਰਣਜੀਤ ਧੀਰ ਨੇ ਕਿਹਾ ਕਿ, ਸ਼ਿਵਚਰਨ ਗਿੱਲ ਵਧੀਆ ਦਾਰਸ਼ਨਿਕ ਲੇਖ ਲਿਖਣ ਵਾਲਾ ਵੀ ਸੀ। ਆਪ ਨੇ ਕਿਹਾ ਕਈ ਉਹ ਹਮੇਸ਼ਾ ਉਨ੍ਹਾਂ ਦੇ ਅਜਿਹੇ ਲੇਖ ਪਸੰਦ ਕਰਿਆ ਕਰਦੇ ਸਨ। ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਪੁਰਾਣੇ ਲੇਖਕਾਂ ਦੀਆ ਲਿਖਤਾਂ ਨੂੰ ਸੰਭਾਲਣ ਦੇ ਯਤਨ ਕਰਨੇ ਚਾਹੀਦੇ ਹਨ ਤੇ ਸਾਰੇ ਗੁਰਦਆਰਾ ਸਾਹਿਬਾਨਾਂ ਨੂੰ ਵੀ ਇਸ ਗੱਲ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਮਰਾਓ ਸਿੰਘ ਅਟਵਾਲ, ਜਗਤਾਰ ਢਾਅ ਤੇ ਕਈ ਹੋਰ ਨੇ ਵੀ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਸਾਬਕਾ ਮੇਅਰ ਕੌਸਲਰ ਤੇਜ ਰਾਮ ਬਾਘਾ, ਅਸੰਬਲੀ ਮੈਂਬਰ ਉਂਕਾਰ ਸਹੋਤਾ, ਸਭਾ ਦੇ ਖੇਡ ਸਕੱਤਰ ਸ. ਪ੍ਰਭਜੋਤ ਸਿੰਘ ਸੋਹੀ, ਕੌਂਸਲਰ ਤਜਿੰਦਰ ਧਾਮੀ ਅਤੇ ਹੋਰ ਪ੍ਰਸੰਸਕ ਮੌਜੂਦ ਸਨ।