ਇਟਲੀ ਤੋਂ ਭਾਰਤ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਦਿੱਲੀ ਤੋਂ ਮਿਲਾਨ ਸਿੱਧੀ ਉਡਾਣ ਮੁੜ ਹੋਵੇਗੀ ਸ਼ੁਰੂ

01/22/2023 4:15:52 AM

ਰੋਮ/ਇਟਲੀ (ਦਲਵੀਰ ਕੈਂਥ) : ਕੋਰੋਨਾ ਦੌਰ ’ਚ ਜਦੋਂ ਸਰਕਾਰੀ ਹਵਾਈ ਉਡਾਣਾਂ ਨੇ ਇਟਲੀ ’ਚ ਰੈਣ ਬਸੇਰਾ ਕਰਦੇ ਭਾਰਤੀਆਂ ਦੀ ਬਾਂਹ ਛੱਡ ਦਿੱਤੀ, ਉਸ ਸਮੇਂ ਜੇਕਰ ਚਾਰਟਰਡ ਉਡਾਣਾਂ ਵਾਲੇ ਭਾਰਤੀਆਂ ਦੀ ਬਾਂਹ ਨਾ ਫੜਦੇ ਤਾਂ ਸ਼ਾਇਦ ਬਹੁਤੇ ਭਾਰਤੀਆਂ ਨੇ ਕਈ ਮਹੀਨੇ ਭਾਰਤ ਆਪਣੇ ਸਾਕ-ਸਬੰਧੀਆਂ ਨੂੰ ਨਹੀਂ ਮਿਲ ਸਕਣਾ ਸੀ ਤੇ ਨਾ ਹੀ ਉਹ ਕਿਸੇ ਵਿਆਹ ਦੇ ਪ੍ਰੋਗਰਾਮ ਨੂੰ ਭਾਰਤ ’ਚ ਨੇਪਰੇ ਚਾੜ੍ਹ ਸਕਦੇ ਸਨ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਨ੍ਹਾਂ ਚਾਰਟਰਡ ਹਵਾਈ ਉਡਾਣਾਂ ’ਚ ਸਫ਼ਰ ਕਰਦਿਆਂ ਕਈ ਭਾਰਤੀਆਂ ਨੂੰ ਪ੍ਰੇਸ਼ਾਨੀਆਂ ਵੀ ਪਿੰਡੇ ਹੰਢਾਉਣੀਆਂ ਪਈਆਂ ਪਰ ਇਨ੍ਹਾਂ ਸਭ ਦੇ ਬਾਵਜੂਦ ਲੋਕ ਇਨ੍ਹਾਂ ਚਾਰਟਰਡ ਹਵਾਈ ਉਡਾਣਾਂ ’ਚ ਸਫ਼ਰ ਕਰ ਰਹੇ ਹਨ । ਇਟਲੀ ’ਚ ਬਹੁਤੇ ਪੰਜਾਬੀ ਪੰਜਾਬ ਭਾਰਤ ਨਾਲ ਸੰਬਧਤ ਹਨ ਤੇ ਇਨ੍ਹਾਂ ਚਾਰਟਰਡ ਚਲਾਉਣ ਵਾਲੇ ਪ੍ਰਬੰਧਕਾਂ ਨੇ ਉਸ ਸਮੇਂ ਪੰਜਾਬ ਤੋਂ ਇਟਲੀ ਰੋਮ ਨੂੰ ਜਹਾਜ਼ ਉਡਾ ਦਿੱਤੇ, ਜਦੋਂ ਦਿੱਲੀ ਜਾਂ ਮੁੰਬਈ ਵਰਗੇ ਬਹੁਤ ਜ਼ਿਆਦਾ ਰੁਝੇਵਿਆਂ ਵਾਲੇ ਏਅਰਪੋਰਟਸ ’ਤੇ ਕੋਰੋਨਾ ਕਾਰਨ ਕਬੂਤਰ ਬੋਲਣ ਲੱਗੇ ਸਨ ।

ਇਹ ਖ਼ਬਰ ਵੀ ਪੜ੍ਹੋ : ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ 

PunjabKesari

ਇਟਲੀ ਸਰਕਾਰ ਨੇ ਇਟਲੀ ਦੇ ਭਾਰਤੀਆਂ ਦੀ ਸਹੂਲਤ ਲਈ 3 ਦਸੰਬਰ 2022 ਤੋਂ ਆਪਣੀ ਸਿੱਧੀ ਰੋਮ-ਦਿੱਲੀ ਹਵਾਈ ਸੇਵਾ ‘‘ਇਤਾਲੀਆ ਟਰਾਂਸਪੋਰਤੋ ਏਰਿਓ’’ ਚਲਾ ਕੇ ਇਨ੍ਹਾਂ ਦੀ ਹਵਾਈ ਜਹਾਜ਼ਾਂ ’ਚ ਹੁੰਦੀ ਖੱਜਲ-ਖੁਆਰੀ ਨੂੰ ਬੰਦ ਕਰਨ ਲਈ ਪਹਿਲਕਦਮੀ ਕੀਤੀ, ਜਿਸ ਤੋਂ ਬਆਦ ਹੁਣ ਭਾਰਤ ਦੀ ਸਿਰਮੌਰ ਹਵਾਈ ਕੰਪਨੀ ਏਅਰ ਇੰਡੀਆ ਵੱਲੋਂ ਵੀ ਭਾਰਤੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਠੱਲ੍ਹ ਪਾਉਣ ਲਈ 1 ਫਰਵਰੀ 2023 ਤੋਂ  ਦਿੱਲੀ-ਮਿਲਾਨ ਸਿੱਧੀ ਹਵਾਈ ਉਡਾਣ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਭਾਰਤੀ ਦੂਤਘਰ ਰੋਮ ਅਤੇ ਮਿਲਾਨ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਪੇਜ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਇਟਲੀ ’ਚ ਰੈਣ ਬਸੇਰਾ ਕਰ ਰਹੇ ਭਾਰਤੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਸਿੱਧੀ ਫਲਾਈਟ ਹਫ਼ਤੇ ’ਚ 4 ਦਿਨ ਆਪਣੇ ਯਾਤਰੀਆਂ ਨੂੰ ਸੇਵਾ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਵਿਭਾਗ ’ਚ 24 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਇਹ ਉਡਾਣ ਐਤਵਾਰ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦਿੱਲੀ ਤੋਂ ਦੁਪਹਿਰ 2:45ਵਜੇ (ਭਾਰਤ ਦੇ ਸਮੇਂ ਅਨੁਸਾਰ) ਉਡਾਣ ਭਰੇਗੀ ਅਤੇ ਇਟਲੀ ਦੇ ਸਮੇਂ ਅਨੁਸਾਰ ਸ਼ਾਮ 18:30 ਵਜੇ ਪਹੁੰਚਿਆ ਕਰੇਗੀ ਅਤੇ ਇਹ ਉਡਾਣ ਮਿਲਾਨ ਤੋਂ ਦਿੱਲੀ ਲਈ ਉਸੇ ਦਿਨ ਸ਼ਾਮ 20:00 ਵਜੇ ਵਾਪਸ ਉਡਾਣ ਭਰਿਆ ਕਰੇਗੀ। ਇਸ ਉਡਾਣ ਸੰਬੰਧੀ ਭਾਰਤ ਦੀ ਯਾਤਰਾ ਕਰਨ ਵਾਲੇ ਆਮ ਯਾਤਰੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਜਦੋਂ ਇਹ ਸਿੱਧੀ ਉਡਾਣ ਬੰਦ ਹੋਈ ਸੀ ਉਸ ਸਮੇਂ ਕੁਝ ਏਜੰਟਾਂ ਵਲੋਂ ਪ੍ਰਾਈਵੇਟ ਉਡਾਣਾਂ ਦੇ ਜ਼ਰੀਏ ਆਮ ਯਾਤਰੀਆਂ ਦੀ ਰੱਜ ਕੇ ਲੁੱਟ ਕੀਤੀ ਗਈ ਕਿਉਂਕਿ ਏਜੰਟਾਂ ਵੱਲੋਂ ਆਪਣੀ ਮਰਜ਼ੀ ਨਾਲ ਇਨ੍ਹਾਂ ਉਡਾਣਾਂ ਦੀਆਂ ਟਿਕਟਾਂ ਦਾ ਰੇਟ ਰੱਖਿਆ ਹੋਇਆ ਹੈ । ਇਹ ਕੀਮਤਾਂ ਕੋਰੋਨਾ ਵਾਇਰਸ ਸਮੇਂ ਤਾਂ ਆਮ ਯਾਤਰੀਆਂ ਦੀ ਪਹੁੰਚ ਤੋਂ ਬਾਹਰ ਸਨ ਪਰ ਜੇਕਰ ਹੁਣ ਇਸ ਤਰ੍ਹਾਂ ਦੀਆਂ ਸਿੱਧੀਆਂ ਉਡਾਣਾਂ ਚੱਲਣ ਨਾਲ ਇਕ ਤਾਂ ਆਮ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਨੂੰ ਨੱਥ ਪਵੇਗੀ ਤੇ ਯਾਤਰੀਆਂ ਦੀ ਖੱਜਲ-ਖ਼ੁਆਰੀ ਤੋਂ ਵੀ ਨਿਜਾਤ ਮਿਲੇਗੀ। ਦੱਸਣਯੋਗ ਹੈ ਕਿ ਏਅਰ ਇੰਡੀਆ ਦੀ ਇਹ ਉਡਾਣ ਪਹਿਲਾਂ ਵੀ ਦਿੱਲੀ-ਅੰਮ੍ਰਿਤਸਰ-ਮਿਲਾਨ-ਰੋਮ ਦਰਮਿਆਨ ਸੇਵਾ ਪ੍ਰਦਾਨ ਕਰਦੀ ਸੀ ਪਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਸ ਉਡਾਣ ਨੂੰ ਬੰਦ ਕਰ ਦਿੱਤਾ ਗਿਆ ਸੀ। ਇਟਲੀ ਦੇ ਭਾਰਤੀਆਂ ਨੇ ਭਾਰਤ ਸਰਕਾਰ ਨੂੰ ਏਅਰ ਇੰਡੀਆ ਨੂੰ ਰੋਮ ਦਿੱਲੀ ਚਲਾਉਣ ਲਈ ਵੀ ਅਪੀਲ ਕੀਤੀ ਹੈ, ਜਿਸ ਉੱਪਰ ਹੋ ਸਕਦਾ ਹੈ ਕਿ ਜਲਦ ਕੋਈ ਸਾਰਥਕ ਕਾਰਵਾਈ ਹੋ ਜਾਵੇ।

ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ


Manoj

Content Editor

Related News