ਐੱਨ.ਏ.ਬੀ. ਵੱਲੋਂ ਸ਼ਰੀਫ, ਉਸ ਦੀ ਧੀ ਤੇ ਜਵਾਈ ''ਤੇ ਪਾਬੰਦੀ ਲਾਉਣ ਦਾ ਹੁਕਮ

02/14/2018 10:47:36 PM

ਇਸਲਾਮਾਬਾਦ— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਅੱਜ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਅਤੇ ਜਵਾਈ ਨੂੰ ਨਿਕਾਸ ਕੰਟਰੋਲ ਸੂਚੀ ਵਿਚ ਪਾ ਦੇਣ ਤਾਂ ਕਿ ਉਹ ਦੇਸ਼ 'ਚੋਂ ਬਾਹਰ ਨਾ ਜਾ ਸਕਣ। 
ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐੱਨ. ਏ. ਬੀ.) ਨੇ ਗ੍ਰਹਿ ਮੰਤਰਾਲਾ ਨੂੰ ਇਸ ਬਾਰੇ ਇਕ ਚਿੱਠੀ ਭੇਜੀ ਹੈ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਐੱਨ. ਏ. ਬੀ. ਨੇ ਲਿਖਿਆ ਹੈ ਕਿ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼, ਜਵਾਈ ਕੈਪਟਨ (ਸੇਵਾ ਮੁਕਤ) ਮੁਹੰਮਦ ਸਫਦਰ ਦੇ ਨਾਂ ਨੂੰ ਐਗਜ਼ਿਟ ਕੰਟਰੋਲ ਲਿਸਟ (ਈ. ਸੀ. ਐੱਲ.) ਵਿਚ ਪਾਇਆ ਜਾਵੇ ਜੋ ਅਜਿਹੇ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੂੰ ਪਾਕਿਸਤਾਨ ਛੱਡਣ ਦੀ ਇਜਾਜ਼ਤ ਨਹੀਂ। ਐੱਨ. ਏ. ਬੀ. ਨੇ ਕਿਹਾ ਕਿ ਤਿੰਨਾਂ ਵਿਰੁੱਧ ਸੁਣਵਾਈ ਆਖਰੀ ਦੌਰ 'ਤੇ ਹੈ ਅਤੇ ਖਦਸ਼ਾ ਹੈ ਕਿ ਉਹ ਦੇਸ਼ ਛੱਡ ਸਕਦੇ ਹਨ।