ਬੰਗਲਾਦੇਸ਼ : ਪਟੜੀ ਤੋਂ ਡਿੱਗੀ ਟਰੇਨ, 7 ਲੋਕਾਂ ਦੀ ਮੌਤ ਤੇ 200 ਜ਼ਖਮੀ

06/24/2019 8:46:12 AM

ਢਾਕਾ— ਬੰਗਲਾਦੇਸ਼ 'ਚ ਇਕ ਟਰੇਨ ਦੇ ਪੰਜ ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਖਬਰ ਹੈ , ਜਿਸ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਿਹਾ ਕਿ ਹਾਦਸੇ 'ਚ ਤਕਰੀਬਨ 200 ਲੋਕ ਜ਼ਖਮੀ ਹੋ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉੱਤਰੀ-ਪੂਰਬੀ ਬੰਗਲਾਦੇਸ਼ 'ਚ ਵਾਪਰੀ ਇਸ ਦੁਰਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਸਥਾਨਕ ਸਰਕਾਰੀ ਅਧਿਕਾਰੀ ਤੁਫੈਲ ਅਹਿਮਦ ਨੇ ਕਿਹਾ ਕਿ 'ਉਪਬਨ ਐਕਸਪ੍ਰੈਸ' ਗੱਡੀ ਰਾਜਧਾਨੀ ਢਾਕਾ ਜਾ ਰਹੀ ਸੀ, ਐਤਵਾਰ ਨੂੰ ਮੌਲਵੀ ਬਾਜ਼ਾਰ ਜ਼ਿਲੇ ਦੇ ਕੁਲਾਰਾ 'ਚ ਅੱਧੀ ਰਾਤ ਨੂੰ ਇਹ ਦੁਰਘਟਨਾ ਵਾਪਰੀ। ਹਨੇਰੇ ਕਾਰਨ ਰਾਹਤ ਕਾਰਜਾਂ 'ਚ ਪ੍ਰੇਸ਼ਾਨੀ ਹੋਈ।

ਉਨ੍ਹਾਂ ਕਿਹਾ ਕਿ ਜਦ ਟਰੇਨ ਪੁਲ ਨੂੰ ਪਾਰ ਕਰ ਰਹੀ ਸੀ ਤਾਂ ਇਸ ਦੇ 5 ਡੱਬੇ ਪਟੜੀ ਤੋਂ ਉੱਤਰ ਗਏ ਅਤੇ ਇਕ ਡੱਬਾ ਨਦੀ 'ਚ ਡਿੱਗ ਗਿਆ ਤੇ ਦੋ ਡੱਬੇ ਨਹਿਰ ਦੇ ਕਿਨਾਰੇ ਡਿੱਗ ਗਏ।  ਅਹਿਮਦ ਨੇ ਕਿਹਾ ਕਿ ਹਾਦਸੇ 'ਚ ਜ਼ਖਮੀ ਤਕਰੀਬਨ 15 ਯਾਤਰੀਆਂ ਦੀ ਹਾਲਤ ਵਧੇਰੇ ਗੰਭੀਰ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।