ਦਰਦਨਾਕ ਹਾਦਸਾ : ਡੂੰਘੀ ਖੱਡ ''ਚ ਡਿੱਗੀ ਕਾਰ, ਮਹਿਲਾ ਸਣੇ 3 ਦੀ ਮੌਕੇ ''ਤੇ ਮੌਤ

12/14/2019 12:47:05 AM

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਹਮੀਰਪੁਰ ਦੇ ਅਧੀਨ ਆਉਂਦੇ ਟੋਨੀ ਦੇਵੀ 'ਚ ਸ਼ੁੱਕਰਵਾਰ ਨੂੰ ਦੇਰ ਸ਼ਾਮ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਟੋਨੀ ਦੇਵੀ ਪੁਲਸ ਚੌਕੀ ਦੇ ਤਹਿਤ ਉਹਲ ਰੋਡ 'ਤੇ ਝੋਂਖਰ ਦੇ ਨੇੜੇ ਇਕ ਗੱਡੀ ਦੇਰ ਸ਼ਾਮ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਵਿਚ ਸਵਾਰ 6 ਲੋਕਾਂ ਵਿਚੋਂ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਟੋਨੀ ਦੇਵੀ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਹੈ।

ਟੋਨੀ ਦੇਵੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੌਣੇ 7 ਵਜੇ ਦੇ ਕਰੀਬ ਜੰਦੜੂ ਤੋਂ ਟੋਨੀ ਦੇਵੀ ਵਲੋਂ ਆ ਰਹੀ ਗੱਡੀ ਝੋਂਖਰ ਨੇੜੇ ਡੂੰਘੀ ਖੱਡ ਵਿਚ ਡਿੱਗ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਪਹੁੰਚ ਗਈ, ਜਿਸ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਸ਼ੁਰੂ ਹੋਇਆ। ਡੂੰਘੀ ਖੱਡ ਵਿਚ ਉਤਰਣ ਤੋਂ ਬਾਅਦ 3 ਲੋਕ ਮ੍ਰਿਤਕ ਮਿਲੇ, ਜਿਨ੍ਹਾਂ ਵਿਚ 2 ਪੁਰਸ਼ ਅਤੇ 1 ਮਹਿਲਾ ਸ਼ਾਮਲ ਹੈ, ਜਦੋਂ ਕਿ ਇਕ ਪੁਰਸ਼ ਅਤੇ ਇਕ ਮਹਿਲਾ ਸਣੇ ਇਕ ਛੋਟੀ ਬੱਚੀ ਜ਼ਖਮੀ ਹਾਲਤ ਵਿਚ ਮਿਲੀ, ਜਿਨ੍ਹਾਂ ਨੂੰ ਟੋਨੀ ਦੇਵੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ।

ਉਥੇ ਹੀ ਮੌਕੇ 'ਤੇ ਪਹੁੰਚੇ ਸਦਰ ਪੁਲਸ ਥਾਣਾ ਦੇ ਇੰਚਾਰਜ ਸੰਜੀਵ ਗੌਤਮ ਨੇ ਦੱਸਿਆ ਕਿ ਮੀਂਹ ਦੇ ਬਾਵਜੂਦ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਡੂੰਘੀ ਖੱਡ ਕਾਰਨ ਅਜੇ ਤੱਕ 3 ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ ਜਦੋਂ ਕਿ 3 ਮ੍ਰਿਤ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਉਥੇ ਹੀ ਮੌਕੇ 'ਤੇ ਬਮਸਨ ਤਹਿਸੀਲ ਟੋਨੀ ਦੇਵੀ ਦੇ ਕਾਨੂੰਨਗੋ ਭੂਮੀ ਦੇਵ, ਸਥਾਨਕ ਪਟਵਾਰੀ ਅਸ਼ੀਸ਼ ਕੁਮਾਰ ਸਣੇ ਜ਼ਿਲਾ ਕੌਂਸਲਰ ਵਰਿੰਦਰ ਠਾਕੁਰ ਵੀ ਮੌਕੇ 'ਤੇ ਪਹੁੰਚ ਗਏ ਸਨ ਅਤੇ ਰਾਹਤ ਕਾਰਜਾਂ ਵਿਚ ਜੁੱਟੇ ਹੋਏ ਸਨ।

ਓਧਰ ਟੋਨੀ ਦੇਵੀ ਹਸਪਤਾਲ ਵਿਚ ਮੌਜੂਦ ਟੱਪਰੇ ਪੰਚਾਇਤ ਪ੍ਰਧਾਨ ਰਜਨੀਸ਼ ਚੌਹਾਨ ਅਤੇ ਬਾਰੀਂ ਪੰਚਾਇਤ ਦੇ ਸਾਬਕਾ ਪ੍ਰਧਾਨ ਸਰਵਨ ਚੌਹਾਨ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਮਹਿਲਾ, ਪੁਰਸ਼ ਅਤੇ ਇਕ ਬੱਚੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪਰ ਅਜੇ ਇੰਨ੍ਹਾਂ ਦੀ ਸ਼ਨਾਖਤ ਕਰਨਾ ਮੁਸ਼ਕਲ ਹੈ ਅਤੇ ਤਿੰਨੋ ਹੀ ਬੇਹੋਸ਼ੀ ਦੀ ਹਾਲਤ ਵਿਚ ਹੈ।


Sunny Mehra

Content Editor

Related News