ਓਨਟਾਰੀਓ ਵਿਚ ਟਰਾਲੇ ਨੂੰ ਲੱਗੀ ਅੱਗ, ਹਾਈਵੇਅ ''ਤੇ ਟੁੱਟ ਕੇ ਖਿਲਰ ਗਏ ਤਰਬੂਜ਼

07/09/2017 6:14:46 PM

ਓਨਟਾਰੀਓ—  ਓਨਟਾਰੀਓ ਦੇ ਪਰੈਸਕੋਟ 'ਚ ਸ਼ਨੀਵਾਰ ਦੀ ਸਵੇਰ ਨੂੰ ਤਰਬੂਜ਼ ਨਾਲ ਲੱਦੇ ਇਕ ਟਰਾਲੇ ਨੂੰ ਅਚਾਨਕ ਅੱਗ ਲੱਗ, ਜਿਸ ਕਾਰਨ ਸਾਰੇ ਤਰਬੂਜ਼ ਸੜਕ 'ਤੇ ਟੁੱਟ ਕੇ ਖਿਲਰ ਗਏ ਅਤੇ ਖੱਡ 'ਚ ਜਾ ਡਿੱਗੇ। ਇਹ ਹਾਦਸਾ ਹਾਈਵੇਅ-401 'ਤੇ ਵਾਪਰਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਤਕਰੀਬਨ 5.00 ਵਜੇ ਘਟਨਾ ਦੀ ਜਾਣਕਾਰੀ ਮਿਲੀ। ਇਸ ਹਾਦਸੇ ਤੋਂ ਬਾਅਦ ਹਾਈਵੇਅ ਤਕਰੀਬਨ 8 ਘੰਟੇ ਬੰਦ ਰਿਹਾ। ਹਾਈਵੇਅ ਨੂੰ ਦੁਪਹਿਰ 2.30 ਵਜੇ ਦੇ ਕਰੀਬ ਖੋਲ੍ਹਿਆ ਗਿਆ।
ਸੋਸ਼ਲ ਮੀਡੀਆ 'ਤੇ ਟਰਾਲੇ ਨੂੰ ਲੱਗੀ ਅੱਗ ਅਤੇ ਬਿਖਰੇ ਤਰਬੂਜ਼ ਦੀ ਤਸਵੀਰ ਦਿਖਾਈ ਗਈ ਹੈ ਕਿ ਕਿਵੇਂ ਹਾਈਵੇਅ 'ਤੇ ਤਰਬੂਜ਼ ਟੁੱਟ ਕੇ ਖਿਲਰ ਗਏ। ਸਥਾਨਕ ਫਾਇਰਫਾਈਟਰਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਨੂੰ ਕੁਝ ਨਹੀਂ ਹੋਇਆ। 
ਪੁਲਸ ਦਾ ਕਹਿਣਾ ਹੈ ਕਿ ਇਹ ਦੂਜਾ ਮੌਕਾ ਹੈ, ਇਸ ਤੋਂ ਪਹਿਲਾਂ ਪੂਰਬੀ ਓਨਟਾਰੀਓ ਵਿਚ ਇਸ ਤਰ੍ਹਾਂ ਦਾ ਹਾਦਸਾ ਵਾਪਰ ਗਿਆ ਸੀ। ਭੋਜਨ ਸਮੱਗਰੀ ਨਾਲ ਭਰਿਆ ਟਰਾਲਾ ਹਾਈਵੇਅ-417 'ਤੇ ਫਿਸਲ ਗਿਆ ਅਤੇ ਪਲਟ ਗਿਆ, ਜਿਸ ਕਾਰਨ ਸੜਕ 'ਤੇ ਆਲੂ ਹੀ ਆਲੂ ਖਿਲਰ ਗਏ ਸਨ।