ਕੋਲੰਬੀਆ: ਸ਼ੱਕੀ ਨਸ਼ਾ ਤਸਕਰਾਂ ਦੇ ਹਮਲੇ ਵਿਚ 5 ਲੋਕ ਹਲਾਕ

01/18/2020 2:56:17 PM

ਜਾਮੁੰਡੀ- ਕੋਲੰਬੀਆ ਦੇ ਸੁਦੂਰ ਸ਼ਹਿਰ ਵਿਚ ਸ਼ੱਕੀ ਨਸ਼ਾ ਤਸਕਰਾਂ ਦੇ ਹਮਲੇ ਵਿਚ ਪੰਜ ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਕੋਲੰਬੀਆ ਦਾ ਉਹ ਸੰਘਰਸ਼ ਸਾਹਮਣੇ ਆ ਗਿਆ ਹੈ, ਜਿਸ ਦੇ ਤਹਿਤ ਉਹਨਾਂ ਪੇਂਡੂ ਖੇਤਰਾਂ ਵਿਚ ਸ਼ਾਂਤੀ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਇਲਾਕੇ ਵਿਚ ਡਰੱਗ ਤਸਕਰੀ ਨਾਲ ਜੁੜੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਸਰਗਰਮ ਹਨ।

ਦੱਖਣ ਪੱਛਮੀ ਕੋਲੰਬੀਆ ਦੇ ਜਾਮੁੰਡੀ ਵਿਚ ਬੀਤੀ ਰਾਤ ਪੰਜ ਲੋਕਾਂ ਦੀ ਹੱਤਿਆ ਦੇ ਨਾਲ ਦੋ ਵਾਹਨਾਂ ਨੂੰ ਸਾੜ ਦਿੱਤਾ ਗਿਆ। ਪਿਛਲੇ ਇਕ ਸਾਲ ਦੌਰਾਨ ਇਹ ਤੀਜੀ ਅਜਿਹੀ ਘਟਨਾ ਹੈ। ਅਧਿਕਾਰੀਆਂ ਮੁਤਾਬਕ ਗੋਲੀਆਂ ਨਾਲ ਭੁੰਨੀਆਂ ਦੋ ਲਾਸ਼ਾਂ ਇਕ ਵਾਹਨ ਦੇ ਅੰਦਰ ਮਿਲੀਆਂ ਹਨ ਉਥੇ ਹੀ ਤਿੰਨ ਲਾਸ਼ਾਂ ਸੜਕ ਤੋਂ ਮਿਲੀਆਂ। ਜ਼ਿਕਰਯੋਗ ਹੈ ਕਿ ਕੋਲੰਬੀਆ ਨੇ ਦੇਸ਼ ਦੇ ਦੱਖਣ-ਪੱਛਮੀ ਇਲਾਕੇ ਵਿਚ ਜਾਰੀ ਡਰੱਗ ਤਸਕਰੀ ਨੂੰ ਖਤਮ ਕਰਨ ਲਈ ਵਿਸ਼ੇਸ਼ ਫੌਜੀ ਇਕਾਈ ਦਾ ਗਠਨ ਕੀਤਾ ਹੈ। ਰਾਸ਼ਟਰਪਤੀ ਇਵਾਨ ਡੁਕੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕੋਲੰਬੀਆ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਇਕ ਵਿਸ਼ੇਸ਼ ਇਕਾਈ ਦਾ ਗਠਨ ਕੀਤਾ ਗਿਆ ਹੈ। ਦੇਸ਼ ਵਿਚ ਡਰੱਗ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਸ਼ਵ ਵਿਚ ਕੋਕੀਨ ਦੇ ਪ੍ਰਮੁੱਖ ਉਤਪਾਦਕ ਦੇਸ਼ਾਂ ਵਿਚੋਂ ਕੋਲੰਬੀਆ ਇਕ ਹੈ। ਉਹਨਾਂ ਮੁਤਾਬਕ ਕੋਲੰਬੀਆਈ ਅਧਿਕਾਰੀਆਂ ਨੇ 2019 ਵਿਚ 1 ਲੱਖ ਹੈਕਟੇਅਰ ਤੋਂ ਵਧੇਰੇ ਨਸ਼ੀਲੇ ਪਦਾਰਥ ਦੇ ਪੌਦੇ ਨਸ਼ਟ ਕੀਤੇ ਸਨ।

Baljit Singh

This news is Content Editor Baljit Singh