ਸਵਿਟਜ਼ਰਲੈਂਡ ਦੇ ਪਰਵਤਾਂ ''ਤੇ ਨਜ਼ਰ ਆਇਆ ਤਿਰੰਗਾ, ਭਾਰਤੀਆਂ ਨੂੰ ਕੋਰੋਨਾ ''ਤੇ ਜਿੱਤ ਦਾ ਸੰਦੇਸ਼

04/18/2020 8:39:51 PM

ਜੇਨੇਵਾ (ਏਜੰਸੀ)- ਕੋਰੋਨਾ ਨਾਲ ਨਜਿੱਠਣ ਵਿਚ ਭਾਰਤ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਸਵਿਟਜ਼ਰਲੈਂਡ ਨੇ ਪ੍ਰਸਿੱਧ ਮੈਟਰਹਾਰਨ ਪਰਵਤ 'ਤੇ ਰੌਸ਼ਨੀ ਦੀ ਮਦਦ ਨਾਲ ਭਾਰਤੀ ਤਿਰੰਗੇ ਨੂੰ ਦਰਸ਼ਾਇਆ ਹੈ। ਇਸ ਰਾਹੀਂ ਹਰੇਕ ਭਾਰਤੀ ਨੂੰ ਕੋਰੋਨਾ ਨਾਲ ਜਿੱਤਣ ਦੀ ਉਮੀਦ ਅਤੇ ਜਜ਼ਬੇ ਦਾ ਸੰਦੇਸ਼ ਦਿੱਤਾ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਕੀਤੀ ਗਈ ਤਿਆਰੀ ਅਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਡਬਲਿਊ.ਐਚ.ਓ. ਸਣੇ ਕਈ ਦੇਸ਼ਾਂ ਨੇ ਭਾਰਤ ਦੀ ਤਾਰੀਫ ਕੀਤੀ ਹੈ। ਇਸੇ ਕੜੀ ਵਿਚ ਸਵਿਟਜ਼ਰਲੈਂਡ ਵੀ ਜੁੜ ਗਿਆ ਹੈ। 14,690 ਫੁੱਟ ਉੱਚੇ ਪਰਵਤ ਨੂੰ ਤਿਰੰਗੇ ਦੇ ਰੰਗ ਨਾਲ ਰੌਸ਼ਨ ਕਰਕੇ ਸਵਿਟਜ਼ਰਲੈਂਡ ਨੇ ਕੋਰੋਨਾ ਮਹਾਂਮਾਰੀ ਨਾਲ ਜਿੱਤਣ ਦੀ ਉਮੀਦ ਅਤੇ ਜਜ਼ਬੇ ਦਾ ਸੰਦੇਸ਼ ਦਿੱਤਾ ਹੈ। ਇਸ 'ਤੇ ਪੀ.ਐਮ. ਮੋਦੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੂਰਾ ਵਿਸ਼ਵ ਨਾਲ ਮਿਲ ਕੇ ਇਸ ਬੀਮਾਰੀ ਨਾਲ ਲੜ ਰਿਹਾ ਹੈ ਅਤੇ ਮਨੁੱਖਤਾ ਇਸ ਤੋਂ ਬਾਹਰ ਨਿਕਲ ਜਾਵੇਗੀ।

ਸਵਿਟਜ਼ਰਲੈਂਡ ਵਿਚ ਭਾਰਤੀ ਸਫਾਰਤਖਾਨੇ ਨੇ ਟਵੀਟ ਵਿਚ ਕਿਹਾ ਕਿ ਕੋਵਿਡ-19 ਦੇ ਖਿਲਾਫ ਲੜਾਈ ਵਿਚ ਸਾਰੇ ਭਾਰਤੀਆਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ 1000 ਮੀਟਰ ਤੋਂ ਵੱਡੇ ਸਾਈਜ਼ ਦਾ ਭਾਰਤੀ ਤਿਰੰਗਾ ਸਵਿਟਜ਼ਰਲੈਂਡ ਕੇਜਰਮੈਟ ਵਿਚ ਮੈਟਰਹਾਰਨ ਪਰਵਤ 'ਤੇ ਪ੍ਰਦਰਸ਼ਿਤ ਕੀਤਾ ਗਿਆ। ਇਸ ਭਾਵਨਾ ਲਈ ਜਰਮੈਟ ਸੈਲਾਨੀਆਂ ਦਾ ਹਾਰਦਿਕ ਧੰਨਵਾਦ। ਦੱਸ ਦਈਏ ਕਿ ਇਸ ਪਹਾੜ 'ਤੇ ਬੀਤੇ 24 ਮਾਰਚ ਤਓਂ ਹੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਦੁਨੀਆ ਦੀ ਇਕਜੁੱਟਤਾ ਪ੍ਰਦਰਸ਼ਿਤ ਕਰਨ ਲਈ ਹਰ ਦਿਨ ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਨੂੰ ਦਰਸ਼ਾਉਂਦੀ ਰੌਸ਼ਨੀ ਨਜ਼ਰ ਆ ਰਹੀ ਸੀ।

ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਭਾਰਤ ਸਣੇ ਉਨ੍ਹਾਂ ਦੇਸ਼ਾਂ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਕੋਰੋਨਾ ਨਾਲ ਪ੍ਰਭਾਵਿਤ ਰਾਸ਼ਟਰਾਂ ਨੂੰ ਮਦਦ ਪ੍ਰਦਾਨ ਕੀਤੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਹਾਲ ਹੀ ਵਿਚ ਭਾਰਤ ਨੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨੂੰ ਕੋਰੋਨਾ ਦਾ ਸੰਭਾਵਿਤ ਇਲਾਜ ਮੰਨੀ ਜਾ ਰਹੀ ਮਲੇਰੀਆ ਰੋਕੂ ਦਵਾਈ ਹਾਈਡਰੋਕਸੀਕਲੋਰੋਕਵਿਨ ਦੀ ਸਪਲਾਈ ਕੀਤੀ ਹੈ। ਅਮਰੀਕਾ ਦਾ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫ.ਡੀ.ਏ.) ਇਸ ਦਵਾਈ ਦਾ ਨਿਊਯਾਰਕ ਦੇ 1500 ਤੋਂ ਜ਼ਿਆਦਾ ਮਰੀਜ਼ਾਂ 'ਤੇ ਪ੍ਰੀਖਣ ਕਰ ਰਿਹਾ ਹੈ। ਭਾਰਤ ਵਲੋਂ ਇਸ ਦੀ ਬਰਾਮਦਗੀ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦਾ ਫੈਸਲਾ ਲੈਣ ਤੋਂ ਬਾਅਦ ਬੀਤੇ ਕੁਝ ਦਿਨਾਂ ਵਿਚ ਇਸ ਦਵਾਈ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।


Sunny Mehra

Content Editor

Related News