ਟਾਈਮ ਮੈਗਜ਼ੀਨ ਦਾ ਕਵਰ ਪੇਜ ਸੁਰਖੀਆਂ 'ਚ, ਟਰੰਪ 'ਚ ਸਮਾ ਗਏ ਵਲਾਦੀਮੀਰ ਪੁਤਿਨ

07/20/2018 12:41:16 PM

ਵਾਸ਼ਿੰਗਟਨ (ਬਿਊਰੋ)— ਟਾਈਮ ਮੈਗਜ਼ੀਨ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਕ ਵਾਰ ਫਿਰ ਇਸ ਦੇ ਕਵਰ ਪੇਜ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮੈਗਜ਼ੀਨ ਨੇ ਇਸ ਵਾਰ ਹਾਲ ਹੀ ਵਿਚ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਹੋਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ 'ਤੇ ਆਧਾਰਿਤ ਕਵਰ ਪੇਜ ਤਿਆਰ ਕੀਤਾ ਹੈ। ਇਸ ਕਵਰ ਪੇਜ 'ਤੇ ਮੈਗਜ਼ੀਨ ਨੇ ਟਰੰਪ ਅਤੇ ਪੁਤਿਨ ਦੀ ਤਸਵੀਰ ਨੂੰ ਇਕੱਠਿਆਂ ਕਰ ਦਿੱਤਾ ਹੈ। ਕਵਰ ਪੇਜ ਦੀ ਤਸਵੀਰ ਲਈ ਜਿੱਥੇ ਟਰੰਪ ਦੇ ਆਈਬ੍ਰੋ ਅਤੇ ਵਾਲਾਂ ਨੂੰ ਲਿਆ ਗਿਆ ਹੈ, ਉੱਥੇ ਪੁਤਿਨ ਦੇ ਨੱਕ ਅਤੇ ਨੀਲੀਆਂ ਅੱਖਾਂ ਦੇ ਨਾਲ ਇਸ ਨੂੰ ਮਿਲਾਇਆ ਗਿਆ ਹੈ।


ਇਕ ਖਾਸ ਮੌਕੇ ਦੀ ਨੁਮਾਇੰਦਗੀ ਕਰਦੀ ਹੈ ਤਸਵੀਰ
ਇਸ ਕਵਰ ਪੇਜ ਸੰਬੰਧੀ ਟਾਈਮ ਮੈਗਜ਼ੀਨ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਸਵੀਰ ਨੂੰ ਵਿਜ਼ੁਅਲ ਕਲਾਕਾਰ ਨੈਂਸੀ ਬਰਸਨ ਨੇ ਤਿਆਰ ਕੀਤਾ ਹੈ। ਬਰਸਨ ਜੋ ਇਸ ਕਵਰ ਪੇਜ ਦੀ ਡਿਜ਼ਾਈਨਰ ਹੈ, ਨੂੰ ਇਸ ਤਰ੍ਹਾਂ ਦੀ ਕਲਾ ਦੀ ਮਾਸਟਰ ਮੰਨਿਆ ਜਾਂਦਾ ਹੈ। ਇਹ ਤਸਵੀਰ ਅਮਰੀਕੀ ਵਿਦੇਸ਼ ਨੀਤੀ ਦੇ ਇਕ ਖਾਸ ਮੌਕੇ ਦੀ ਨੁਮਾਇੰਦਗੀ ਕਰਦੀ ਹੈ, ਜੋ ਹਾਲ ਹੀ ਵਿਚ ਫਿਨਲੈਂਡ ਦੇ ਹੇਲਸਿੰਕੀ ਵਿਚ ਹੋਈ ਹੈ।
30 ਜੁਲਾਈ ਨੂੰ ਜਾਰੀ ਹੋਵੇਗੀ ਤਸਵੀਰ
ਇਹ ਤਸਵੀਰ 30 ਜੁਲਾਈ ਨੂੰ ਜਾਰੀ ਹੋਵੇਗੀ। ਬਰਸਨ ਨੇ ਇਸ ਲਈ ਇਕ ਵੀਡੀਓ ਇਮੇਜ ਵੀ ਤਿਆਰ ਕੀਤੀ ਹੈ। ਇਸ ਇਮੇਜ ਵਿਚ ਦੋਹਾਂ ਦੇ ਹਾਵ-ਭਾਵ ਬਦਲਦੇ ਹੋਏ ਨਜ਼ਰ ਆਉਂਦੇ ਹਨ। ਬੀਤੇ ਮਹੀਨੇ ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਟਰੰਪ ਦੀ ਤਸਵੀਰ ਦੇ ਨਾਲ ਉਸ ਬੱਚੀ ਦੀ ਤਸਵੀਰ ਸੀ, ਜਿਸ ਨੂੰ ਮੈਕਸੀਕੋ-ਅਮਰੀਕਾ ਬਾਰਡਰ 'ਤੇ ਉਸ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਕਵਰ ਪੇਜ ਜ਼ਰੀਏ ਟਾਈਮ ਮੈਗਜ਼ੀਨ ਨੇ ਟਰੰਪ ਪ੍ਰਸ਼ਾਸਨ ਦੀ ਪਰਿਵਾਰਾਂ ਨੂੰ ਵੱਖ ਕਰਨ ਵਾਲੀ ਨੀਤੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ।