ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ''ਚ ਆਇਆ ਤੇਜ਼ ਤੂਫਾਨ

02/15/2018 5:48:52 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਬੁੱਧਵਾਰ ਦੀ ਸ਼ਾਮ ਨੂੰ ਤੇਜ਼ ਤੂਫਾਨ ਆਇਆ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਤੂਫਾਨ ਕਾਰਨਾਂ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਨੇ ਸ਼ਾਮ 6.30 ਵਜੇ ਤੇਜ਼ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਸੀ। ਤੂਫਾਨ ਆਉਣ ਕਾਰਨ ਤਾਪਮਾਨ 'ਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਗਈ ਹੈ, ਕਿਉਂਕਿ ਆਸਟ੍ਰੇਲੀਆ 'ਚ ਇਸ ਸਮੇਂ ਗਰਮੀ ਪੈ ਰਹੀ ਹੈ। ਕੁਈਨਜ਼ਲੈਂਡ 'ਚ ਇਸ ਸਮੇਂ ਤਾਪਮਾਨ 27 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਤੂਫਾਨ ਤੋਂ ਮਗਰੋਂ ਵੀ ਗਰਮੀ ਉਂਝ ਹੀ ਹੈ, ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਹਫਤੇ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਰਹਿ ਸਕਦਾ ਹੈ।
ਤੂਫਾਨ ਕਾਰਨ 3300 ਘਰਾਂ ਦੀ ਬਿਜਲੀ ਗੁੱਲ ਹੋ ਗਈ। ਕੁਈਨਜ਼ਲੈਂਡ ਫਾਇਰ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਾਰਾਂ ਨੂੰ ਦਰੱਖਤ ਹੇਠਾਂ ਖੜ੍ਹੇ ਨਾ ਕਰਨ। ਇਸ ਦੇ ਨਾਲ ਹੀ ਤੂਫਾਨ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਤੋਂ ਬਚਣ। ਡਿੱਗਦੇ ਦਰੱਖਤਾਂ ਅਤੇ ਬਿਜਲੀ ਦੀਆਂ ਤਾਰਾਂ ਤੋਂ ਸਾਵਧਾਨ ਰਹਿਣ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਘੰਟਿਆਂ ਦੌਰਾਨ ਤੇਜ਼ ਤੂਫਾਨ ਦੇ ਨਾਲ-ਨਾਲ ਤੇਜ਼ ਮੀਂਹ ਵੀ ਪੈ ਸਕਦਾ ਹੈ।