ਕੁਈਨਜ਼ਲੈਂਡ ''ਚ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 3 ਮਰੇ

06/24/2017 5:55:05 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਸ਼ਨੀਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉੱਤਰੀ ਕੁਈਨਜ਼ਲੈਂਡ ਦੇ ਬਰੂਸ ਹਾਈਵੇਅ 'ਤੇ ਸ਼ਨੀਵਾਰ ਤੜਕੇ 2.30 ਵਜੇ ਵਾਪਰਿਆ। ਹਾਦਸੇ 'ਚ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ ਅਤੇ ਮੌਕੇ 'ਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ 'ਤੇ ਹਾਦਸੇ ਦੀ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਦੇਖਿਆ ਕਿ ਬੱਸ ਮਿੰਨੀ ਦਾ ਡਰਾਈਵਰ ਅਤੇ 2 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਭਿਆਨਕ ਹਾਦਸੇ 'ਚ ਬੱਸ 'ਚ ਸਵਾਰ 2 ਵਿਅਕਤੀ, ਜਿਨ੍ਹਾਂ ਦੀ ਉਮਰ 24 ਅਤੇ 35 ਸਾਲ ਦੇ ਕਰੀਬ ਹੈ, ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦੀ ਗਰਦਨ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਟੱਕਰ ਤੋਂ ਬਾਅਦ ਮਿੰਨੀ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਹਾਦਸੇ 'ਚ ਟਰੱਕ ਡਰਾਈਵਰ ਜ਼ਖਮੀ ਨਹੀਂ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ 5 ਘੰਟਿਆਂ ਬਾਅਦ 7.30 ਵਜੇ ਮੁੜ ਖੋਲ੍ਹਿਆ ਗਿਆ। ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ।