ਹੂਨ ਸੇਨ ਦੀ ਆਸਟ੍ਰੇਲੀਆ ਨੂੰ ਧਮਕੀ ਕਿਹਾ—'ਨਹੀਂ ਸਹਾਂਗਾ ਕੋਈ ਦਬਾਅ'

02/22/2018 3:58:05 PM

ਫਨੋਮ ਪੈਨਹ/ਸਿਡਨੀ (ਬਿਊਰੋ)— ਕੰਬੋਡੀਆ ਦੇ ਪ੍ਰਧਾਨ ਮੰਤਰੀ ਹੂਨ ਸੇਨ ਨੇ ਆਸਟਰੇਲੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਘਰੇਲੂ ਰਾਜਨੀਤੀ ਨੂੰ ਲੈ ਕੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਵੀ ਦਬਾਅ ਪਾਇਆ ਗਿਆ ਤਾਂ ਉਹ ਆਸਟ੍ਰੇਲੀਆ ਨੂੰ 'ਸ਼ਰਮਿੰਦਾ' ਕਰ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਨੌਬਤ ਆਈ ਤਾਂ ਉਹ ਅਗਲੇ ਮਹੀਨੇ ਸਿਡਨੀ ਵਿਚ ਹੋਣ ਵਾਲੇ ASEAN ਸੰਮੇਲਨ ਵਿਚ ਸਾਂਝੀ ਗੱਲਬਾਤ 'ਤੇ ਵੀ ਪਾਬੰਦੀ ਲਗਾ ਦੇਣਗੇ। ਹਾਲ ਹੀ ਦੇ ਮਹੀਨਿਆਂ ਵਿਚ ਪੱਛਮੀ ਦੇਸ਼ਾਂ ਨੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੂਨ ਸੇਨ ਨੂੰ ਮੁੱਖ ਵਿਰੋਧੀ ਧਿਰ ਨੂੰ ਤੋੜਨ, ਸੁਤੰਤਰ ਸਮਾਚਾਰ ਪੱਤਰਾਂ ਨੂੰ ਬੰਦ ਕਰਨ ਅਤੇ ਅਦਾਲਤਾਂ ਵਿਚ ਆਲੋਚਕਾਂ ਨੂੰ ਖਦੇੜਨ ਦੇ ਦੋਸ਼ ਵਿਚ ਸਜ਼ਾ ਦਿੱਤੀ ਹੈ। 
ਬੁੱਧਵਾਰ ਨੂੰ ਦਿੱਤੇ ਭਾਸ਼ਣ ਵਿਚ ਹੂਨ ਸੇਨ ਨੇ ਕਿਹਾ ਕਿ ASEAN ਸੰਮੇਲਨ ਵਿਚ ਉਹ ਘਰੇਲੂ ਰਾਜਨੀਤੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਰਦਾਸ਼ਤ ਨਹੀਂ ਕਰਨਗੇ। ਆਸੀਆਨ ਦਾ ਇਹ ਪਹਿਲਾ ਸੰਮੇਲਨ ਮਾਰਚ ਵਿਚ ਹੋਵੇਗਾ, ਜਿਸ ਦੀ ਮੇਜ਼ਬਾਨੀ ਆਸਟ੍ਰੇਲੀਆ ਕਰੇਗਾ। ਹੂਨ ਸੇਨ ਨੇ ਅੱਗੇ ਕਿਹਾ,''ਜੇ ਤੁਸੀਂ ਮੇਰੇ ਨਾਲ ਗਲਤ ਤਰੀਕੇ ਨਾਲ ਪੇਸ਼ ਆਏ ਤਾਂ ਵੀ ਪਲਟਵਾਰ ਕਰਾਂਗਾ ਅਤੇ ਸਾਰਿਆਂ ਸਾਹਮਣੇ 'ਸ਼ਰਮਿੰਦਾ' ਕਰ ਦੇਵਾਂਗਾ।'' ਹਾਲ ਹੀ ਦੇ ਮਹੀਨਿਆਂ ਵਿਚ ਆਪਣੀ ਸਖਤ ਕਾਨੂੰਨੀ ਕਾਰਵਾਈ ਕਾਰਨ ਕੰਬੋਡੀਆ ਚੀਨ ਦੇ ਬਹੁਤ ਕਰੀਬ ਆ ਗਿਆ ਹੈ। ਇਹ ਪਹਿਲੀ ਵਾਰੀ ਨਹੀਂ ਹੈ, ਜਦੋਂ ਆਪਣੇ ਕਿਸੇ ਸਾਂਝੇ ਬਿਆਨ ਨੂੰ ਰੱਦ ਕਰਨ ਲਈ ਕੰਬੋਡੀਆ ਨੇ ਅਜਿਹਾ ਰੱਵਈਆ ਵਰਤਿਆ ਹੋਵੇ। ਸਾਲ 2012 ਵਿਚ ਵੀ ਵਿਦੇਸ਼ ਮੰਤਰੀ ਇਕ ਸਾਂਝੀ ਗੱਲਬਾਤ ਨੂੰ ਪੇਸ਼ ਕਰਨ ਵਿਚ ਅਸਫਲ ਰਹੇ ਸਨ। ਉਸ ਸਮੇਂ ਫਿਲੀਪੀਨ ਨੇ ਦੱਖਣੀ ਚੀਨ ਸਾਗਰ ਵਿਚ ਬੀਜਿੰਗ ਦੇ ਕੰਮਾਂ ਦੀ ਆਲੋਚਨਾ ਨੂੰ ਰੋਕਣ ਲਈ ਕੰਬੋਡੀਆ 'ਤੇ ਦੋਸ਼ ਲਗਾਇਆ ਸੀ।