ਪਾਕਿ ਸਰਕਾਰ ਵਿਰੁੱਧ ਹਜ਼ਾਰਾਂ ਪਸ਼ਤੂਨਾਂ ਨੇ ਕੀਤਾ ਪ੍ਰਦਰਸ਼ਨ, ਕੀਤੀ ਆਜ਼ਾਦੀ ਦੀ ਮੰਗ

04/09/2018 10:14:06 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ 1 ਲੱਖ ਪਸ਼ਤੂਨਾਂ ਨੇ ਐਤਵਾਰ ਨੂੰ ਸਰਕਾਰ ਵਿਰੁੱਧ ਰੈਲੀ ਕੱਢੀ। ਉਹ  ਸੰਘੀ ਹਕੂਮਤ ਵਾਲੇ ਕਬਾਇਲੀ ਖੇਤਰ (ਫਾਟਾ) ਵਿਚ ਯੁੱਧ ਅਪਰਾਧ ਮਾਮਲਿਆਂ ਵਿਚ ਅੰਤਰ ਰਾਸ਼ਟਰੀ ਭਾਈਚਾਰੇ ਤੋਂ ਦਖਲ ਅੰਦਾਜ਼ੀ ਦੀ ਮੰਗ ਕਰ ਰਹੇ ਸਨ। ਖੈਬਰ ਪਖਤੂਨਖਵਾ ਅਤੇ ਫਾਟਾ ਤੋਂ ਹਜਾਰਾਂ ਦੀ ਗਿਣਤੀ ਵਿਚ ਲੋਕ ਪਿਸ਼ਤਾਖਰਾ ਚੌਕ 'ਤੇ ਇੱਕਠੇ ਹੋਏ ਅਤੇ ਉਨ੍ਹਾਂ ਨੇ 'ਇਹ ਕਿਸ ਤਰ੍ਹਾਂ ਦੀ ਆਜ਼ਾਦੀ' ਦਾ ਨਾਅਰਾ ਲਗਾਇਆ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਰੈਲੀ ਵਿਚ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨੇ ਵੀ ਹਿੱਸਾ ਲਿਆ। ਉਨ੍ਹਾਂ ਦੇ ਹੱਥਾਂ ਵਿਚ ਲਾਪਤਾ ਲੋਕਾਂ ਦੀਆਂ ਤਸਵੀਰਾਂ ਸਨ। ਇਸ ਦੌਰਾਨ ਪੀ. ਟੀ. ਐੱਮ. ਦੇ ਨੇਤਾ ਮਨਜ਼ੂਰ ਪਸ਼ਤੀਨ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ,''ਅਸੀਂ ਸਿਰਫ ਦਮਨ ਕਰਨ ਵਾਲਿਆਂ ਦੇ ਵਿਰੁੱਧ ਹਾਂ। ਅਸੀਂ ਸਿਰਫ ਆਪਣੇ ਦੇਸ਼ ਦੇ ਏਜੰਟ ਹਾਂ। ਲਾਪਤਾ ਲੋਕਾਂ ਲਈ ਹੁਣ ਤੱਕ ਕੀ ਕੀਤਾ ਗਿਆ। ਮਾਂ ਅਤੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ ਉਨ੍ਹਾਂ ਨੂੰ ਮਜ਼ਬੂਰ ਨਹੀਂ ਕੀਤਾ ਜਾ ਸਕਦਾ।'' 

ਪਸ਼ਤੂਨਾਂ ਦੀ ਸਰਕਾਰ ਤੋਂ ਇਹ ਵੀ ਮੰਗ ਹੈ ਕਿ ਸੰਘ ਪ੍ਰਭਾਵਿਤ ਕਬਾਇਲੀ ਇਲਾਕੇ ਵਿਚ ਕਰਫਿਊ ਖਤਮ ਕੀਤਾ ਜਾਣਾ ਚਾਹੀਦਾ ਹੈ। ਸਕੂਲ, ਕਾਲੇਜ ਅਤੇ ਹਸਪਤਾਲ ਖੁੱਲਣੇ ਚਾਹੀਦੇ ਹਨ ਕਿਉਂਕਿ ਇਸ ਇਲਾਕੇ ਵਿਚ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਰਫਿਊ ਹੱਟਣ ਨਾਲ ਆਮ ਲੋਕਾਂ ਦੀ ਜ਼ਿੰਦਗੀ ਆਸਾਨ ਹੋ ਸਕਦੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਹੁਣ ਉਹ ਸਿਰਫ ਆਜ਼ਾਦੀ ਚਾਹੁੰਦੇ ਹਨ।