ਮਨੀਲਾ ਨੇੜੇ ਜਵਾਲਾਮੁਖੀ ''ਤਾਲ'' ''ਚ ਧਮਾਕੇ ਦਾ ਖਤਰਾ, ਹਜ਼ਾਰਾਂ ਲੋਕਾਂ ਨੇ ਛੱਡਿਆ ਇਲਾਕਾ

01/12/2020 4:13:25 PM

ਮਨੀਲਾ- ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਤੋਂ ਲਗਭਗ 65 ਕਿਲੋਮੀਟਰ ਦੱਖਣ ਵਿਚ ਇਕ ਟਾਪੂ 'ਤੇ ਸਥਿਤ ਤਾਲ ਜਵਾਲਾਮੁਖੀ ਵਿਚ ਤੇਜ਼ ਸਰਗਰਮੀ ਦਰਜ ਕੀਤੀ ਗਈ ਹੈ। ਜਵਾਲਾਮੁਖੀ ਫਟਣ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ।

ਈ.ਐਫ.ਈ. ਨਿਊਜ਼ ਮੁਤਾਬਕ ਫਿਲਪਾਈਨ ਇੰਸਟੀਚਿਊਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ ਨੇ ਤਾਲ ਜਵਾਲਾਮੁਖੀ ਦੀ ਗਹਿਰਾਈ ਵਿਚ 5 ਦੇ ਸਕੇਲ 'ਤੇ 1 ਤੋਂ 3 ਦੇ ਵਿਚਾਲੇ ਸਰਗਰਮੀ ਦਰਜ ਕੀਤੀ, ਜਿਸ ਦੇ ਨਤੀਜੇ ਵਜੋਂ ਜਵਾਲਾਮੁਖੀ ਦੇ ਮੁਹਾਨੇ ਵਿਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਹੈ। ਰਾਸ਼ਟਰੀ ਆਫਤ ਜੋਖਮ ਘਟਾਓ ਤੇ ਪ੍ਰਬੰਧਨ ਕੌਂਸਲ ਦੇ ਬੁਲਾਰੇ ਮਾਰਕ ਟਿੰਬਲ ਨੇ ਈ.ਐਫ.ਈ. ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਹਾਂਨਗਰ ਦੇ ਖੇਤਰ ਦੇ ਅਧਿਕਾਰੀਆਂ ਨੇ ਸੈਨ ਨਿਕੋਲਸ, ਬਾਲੇਟ ਤੇ ਟਾਲੀਸੇ ਇਲਾਕਿਆਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਸਾਰੇ ਇਲਾਕੇ ਜਵਾਲਾਮੁਖੀ ਦੇ ਨੇੜੇ ਸਥਿਤ ਹਨ।

2017 ਦੇ ਅੰਕੜਿਆਂ ਮੁਤਾਬਕ ਇਹਨਾਂ ਤਿੰਨ ਕਸਬਿਆਂ ਵਿਚ 6,000 ਤੋਂ 10,000 ਦੇ ਵਿਚਾਲੇ ਵਸਨੀਕ ਹਨ। ਹਰ ਸਾਲ ਹਜ਼ਾਰਾਂ ਸੈਲਾਨੀ ਤਾਲ ਆਉਂਦੇ ਹਨ ਤੇ ਬਹੁਤ ਸਾਰੇ ਜਵਾਲਾਮੁਖੀ ਦੇ ਮੁਹਾਨੇ ਤੱਕ ਵੀ ਜਾਂਦੇ ਹਨ। ਜਵਾਲਾਮੁਖੀ, ਜਿਸ ਨੇ 1911 ਵਿਚ 1300 ਲੋਕਾਂ ਦੀ ਜਾਨ ਲਈ ਤੇ 1965 ਵਿਚ 200 ਲੋਕ ਇਸ ਦੀ ਲਪੇਟ ਵਿਚ ਆ ਗਏ, ਲੂਜੋਨ ਟਾਪੂ ਦੇ ਪੱਛਮੀ ਖੇਤਰ ਵਿਚ ਫੈਲੀ ਇਕ ਜਵਾਲਾਮੁਖੀ ਲੜੀ ਦਾ ਹਿੱਸਾ ਹੈ।


Baljit Singh

Content Editor

Related News