ਡੱਬੇ ਵਰਗੇ ਇਸ ਘਰ ਦੀ ਕੀਮਤ ਹੈ ਕਰੋੜਾਂ ਵਿਚ, ਸਾਰੀਆਂ ਸਹੂਲਤਾਂ ਹਨ ਮੌਜੂਦ, ਦੇਖੋ ਤਸਵੀਰਾਂ

07/13/2017 5:45:15 PM

ਤਾਲਿਨ— ਡੱਬੇ ਜਿਹੇ ਆਕਾਰ ਦੇ ਇਸ ਘਰ ਵਿਚ  ਜ਼ਿੰਦਗੀ ਜਿਉਣ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਘਰ ਨੂੰ ਬਣਾਉਣ ਤੋਂ ਲੈ ਕੇ ਸਥਾਪਿਤ ਕਰਨ ਵਿਚ ਬਹੁਤ ਘੱਟ ਸਮਾਂ ਲੱਗਦਾ ਹੈ। ਇਸ ਘਰ ਨੂੰ ਇੱਛਾ ਮੁਤਾਬਕ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਉੱਤਰੀ ਯੂਰਪ ਦੇ ਦੇਸ਼ ਏਸਟੋਨੀਆ ਦੇ ਇਕ ਡਿਜ਼ਾਈਨ ਹਾਊਸ 'ਕੋਡਾਸੇਮਾ' ਨੇ ਇਸ ਘਰ ਨੂੰ ਬ੍ਰਿਟੇਨ ਦੀ ਆਵਾਸ ਸਮੱਸਿਆ ਦੇ ਹੱਲ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਘਰ ਨੂੰ 'ਕੋਡਾ ਹਾਊਸ' ਦਾ ਨਾਂ ਦਿੱਤਾ ਹੈ।
ਇਸ ਘਰ ਵਿਚ ਇਹ ਹਨ ਖੂਬੀਆਂ
1. ਡੱਬੇ ਦੇ ਆਕਾਰ ਦਾ ਇਹ ਘਰ ਕੰਕਰੀਟ ਤੋਂ ਬਣਿਆ ਹੈ ਫਿਰ ਵੀ ਇਸ ਦੇ ਹਿੱਸਿਆਂ ਨੂੰ ਇਕ ਦਿਨ ਵਿਚ ਬਣਾਇਆ ਜਾ ਸਕਦਾ ਹੈ ਅਤੇ ਹਿੱਸਿਆਂ ਨੂੰ ਜੋੜ ਕੇ ਪੂਰਾ ਘਰ ਫਿੱਟ ਕੀਤਾ ਜਾ ਸਕਦਾ ਹੈ। ਜਗ੍ਹਾ ਮੁਤਾਬਕ ਇਸ ਤਰ੍ਹਾਂ ਦੇ ਘਰ ਦਾ ਆਕਾਰ ਬਦਲਿਆ ਜਾ ਸਕਦਾ ਹੈ।
2. ਕੰਕਰੀਟ ਦੀਆਂ ਦੀਵਾਰਾਂ ਵਾਲੇ ਇਸ ਘਰ ਵਿਚ ਓਪਨ ਪਲਾਨ ਕਿਚਨ ਅਤੇ ਬੈੱਡਰੂਮ ਹੈ। ਸਲੀਪ ਏਰੀਆ ਪੜਛੱਤੀ 'ਤੇ ਬਣਾਇਆ ਗਿਆ ਹੈ ਮਤਲਬ ਲੌਫਟੇਡ ਬੈੱਡ ਲੱਗੇ ਹਨ। ਕਿਚਨ ਵਿਚ ਓਵਨ, ਸਟੋਵਟਾਪ, ਦਰਾਜ ਅਤੇ ਅਲਮਾਰੀਆਂ ਲੱਗੀਆਂ ਹਨ।
3. ਇਕ ਕੋਨੇ ਵਿਚ ਬਾਥਰੂਮ ਹੈ ਅਤੇ ਉੱਪਰ ਟੈਰੇਸ ਵੀ ਹੈ। ਇਸ ਘਰ ਦੀ ਛੱਤ 'ਤੇ ਸੋਲਰ ਪੈਨਲ ਲੱਗੇ ਹਨ, ਜਿਸ ਨਾਲ ਇਹ ਆਪਣੀ ਜ਼ਰੂਰਤ ਦੀ ਕਾਫੀ ਬਿਜਲੀ ਬਣਾ ਲੈਂਦਾ ਹੈ।
4.  ਰੋਸ਼ਨੀ ਲਈ ਇਸ ਘਰ ਦਾ ਸਾਹਮਣੇ ਦਾ ਹਿੱਸਾ ਮੋਟੇ ਕੱਚ ਦਾ ਬਣਾਇਆ ਗਿਆ ਹੈ। ਇਸ ਕੱਚ ਵਿਚ ਚਾਰ ਪਰਤਾਂ ਹਨ। ਇਹ ਇੰਨਾ ਮੋਟਾ ਹੈ ਕਿ ਸ਼ੋਰ ਅਤੇ ਸਰਦੀ ਰੋਕ ਲੈਂਦਾ ਹੈ। ਜੇ ਘਰ ਦੇ ਮਾਲਕ ਨੂੰ ਪ੍ਰਾਈਵੇਸੀ ਚਾਹੀਦੀ ਹੋਵੇ ਤਾਂ ਉਹ ਛੱਤ ਤੋਂ ਫਰਸ਼ ਤੱਕ ਪਰਦੇ ਲਗਾ ਸਕਦਾ ਹੈ।
5. ਇਸ ਘਰ ਦਾ ਮਾਡਲ 269 ਵਰਗ ਫੁੱਟ ਹੈ। ਇਹ ਕਾਰ ਦੇ ਗੈਰੇਜ ਤੋਂ ਥੋੜ੍ਹਾ ਹੀ ਜ਼ਿਆਦਾ ਏਰੀਆਹੈ, ਜੋ ਕਰੀਬ 200 ਵਰਗ ਫੁੱਟ ਦੀ ਹੁੰਦਾ ਹੈ।
ਘਰ ਦੀ ਕੀਮਤ
ਭਾਰਤੀ ਮੁਦਰਾ ਵਿਚ ਇਸ ਘਰ ਦੀ ਕੀਮਤ ਸਵਾ ਕਰੋੜ ਰੁਪਏ ਹੈ। ਹਾਲਾਂਕਿ ਇਸ ਕੀਮਤ ਵਿਚ ਇਸ ਦਾ ਨਿਰਮਾਣ, ਇਸ ਨੂੰ ਸਾਈਟ 'ਤੇ ਲਿਜਾ ਕੇ ਸਥਾਪਿਤ ਕਰਨਾ ਅਤੇ ਬਿਜਲੀ-ਪਾਣੀ ਦੀਆਂ ਸਹੂਲਤਾਂ ਸਭ ਕੁਝ ਸ਼ਾਮਲ ਹੈ।