ਜਰਮਨ ਦੇ ਕਰਾਟੇ ਪਹਿਲਵਾਨ ਅਮ੍ਰਿਤ ਕਾਹਲੋਂ ਨੂੰ ਮਿਲਿਆ ਇਹ ਆਫਰ

Monday, Mar 26, 2018 - 03:45 PM (IST)

ਰੋਮ, (ਕੈਂਥ)— ਯੂਰਪ ਵਿੱਚ ਕੁਝ ਪੰਜਾਬੀ ਅਜਿਹੇ ਵੀ ਹਨ ਜਿਹੜੇ ਕਿ ਆਪਣੀ ਸੋਚ ਅਤੇ ਕਾਰਵਾਈ ਨਾਲ ਜਿੱਥੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨਾਉਂਦੇ ਹਨ, ਉੱਥੇ ਪੰਜਾਬੀ ਭਾਈਚਾਰੇ ਦੀ ਵੀ ਪੂਰੀ ਬੱਲੇ-ਬੱਲੇ ਕਰਵਾਉਂਦੇ ਹਨ। ਲੱਖਾਂ ਪੰਜਾਬੀਆਂ ਵਾਂਗ ਤਰਲੋਚਨ ਸਿੰਘ ਕਾਹਲੋਂ ਅਤੇ ਰਾਜਬੀਰ ਕੌਰ ਦਾ ਪਰਿਵਾਰ ਵੀ ਆਪਣੇ ਭੱਵਿਖ ਨੂੰ ਸਵਾਰਨ ਲਈ ਜਰਮਨ ਆਇਆ ਸੀ, ਅੱਜ ਉਨ੍ਹਾਂ ਦਾ ਪੁੱਤ ਅਮ੍ਰਿਤ ਕਾਹਲੋਂ ਪੂਰੀ ਦੁਨੀਆ 'ਚ ਉਨ੍ਹਾਂ ਦਾ ਨਾਂ ਰੌਸ਼ਨ ਕਰ ਰਿਹਾ ਹੈ, ਜਿਸ ਨੂੰ ਮਰਸਡੀਜ਼ ਬੈਨਜ਼ ਵੱਲੋਂ ਸਪੌਂਸਰ ਕੀਤਾ ਗਿਆ ਹੈ। ਉਸ ਦੇ ਮਾਤਾ-ਪਿਤਾ ਨੇ ਵਿਦੇਸ਼ ਆ ਕੇ ਅਮ੍ਰਿਤ ਅਤੇ ਉਸ ਦੇ ਦੋ ਭੈਣ-ਭਰਾ ਦਾ ਭਵਿੱਖ ਬਣਾਉਣ ਲਈ ਜੋ ਕੁੱਝ ਕੀਤਾ ਉਹ ਕਾਬਲ ਏ ਤਰੀਫ ਹੈ। ਕੱਪੜਿਆਂ ਦੀਆਂ ਕਈ ਦੁਕਾਨਾਂ ਦੀ ਮਾਲਕ ਰਹੀ ਕਾਹਲੋਂ ਜੋੜੀ ਨੇ ਜ਼ਿੰਦਗੀ ਵਿੱਚ ਅਹਿਮ ਫੈਸਲਾ ਲੈਂਦਿਆਂ ਸਿਰਫ ਪੈਸੇ ਹੀ ਕਮਾਉਣ ਦੀ ਬਜਾਏ ਬੱਚਿਆਂ ਦਾ ਭਵਿੱਖ ਬਣਾਉਣ ਦੀ ਠਾਣ ਲਈ ਅਤੇ ਆਪਣਾ ਕੈਰੀਅਰ ਬੱਚਿਆਂ ਲਈ ਦਾਅ 'ਤੇ ਲਗਾ ਦਿੱਤਾ। ਕਾਹਲੋਂ ਜੋੜੀ ਦੀ ਕਰੜੀ ਮਿਹਨਤ ਜੋ ਕਿ ਇੱਕ ਜੂਏ ਵਾਂਗ ਸੀ ਪਰ ਅਜਿਹਾ ਰੰਗ ਲਿਆਈ ਕਿ ਆਗਿਆਕਾਰੀ ਬੱਚਿਆਂ ਨੇ ਉਹ ਕਰ ਵਿਖਾਇਆ, ਜਿਸ ਲਈ ਪੱਛਮ ਦੇ ਵਿਕਸਤ ਮੁਲਕਾਂ ਦਾ ਹਰ ਜਾਗਰੂਕ ਵਿਅਕਤੀ ਚਾਹੁੰਦਾ ਹੈ ਕਿ ਕਾਸ਼ ਮੇਰੇ ਬੱਚੇ ਵੀ ਅਜਿਹੇ ਹੋਣ।
ਕਾਹਲੋਂ ਪਰਿਵਾਰ ਦੀ ਮਿਹਨਤ ਨੂੰ ਭਗਤੀ ਕਹਿਣਾ ਵੀ ਅਤਿਕਥਨੀ ਨਹੀ ਹੋਵੇਗਾ, ਜਿਨ੍ਹਾਂ ਨੇ ਅਪਣੇ ਤਿੰਨਾਂ ਬੱਚਿਆਂ ਲਈ ਇੰਨੀ ਮਿਹਨਤ ਕੀਤੀ ਕਿ ਉਹ ਅੱਜ ਉਸ ਜਗ੍ਹਾ 'ਤੇ ਆ ਖੜ੍ਹੇ ਹੋਏ ਹਨ, ਜਿਸ ਰੁਤਬੇ ਨੂੰ ਕਿਸੇ ਪ੍ਰਵਾਸੀ ਵੱਲੋਂ ਜਰਮਨ ਵਿੱਚ ਪਾਉਣਾ ਔਖਾ ਹੀ ਨਹੀਂ ਸਗੋਂ ਅਸੰਭਵ ਸਮਝਿਆ ਜਾਂਦਾ ਹੈ। ਤਿੰਨਾਂ ਵਿੱਚੋਂ ਵੱਡੇ ਦੋਵੇਂ ਬੱਚੇ ਅਨੀਤ ਅਤੇ ਅਮ੍ਰਿਤ ਜਰਮਨੀ ਦੀ ਨੈਸ਼ਨਲ ਕਰਾਟੇ ਟੀਮ ਵਿੱਚ ਖੇਡਦੇ ਹਨ ਅਤੇ ਓਲੰਪਿਕ ਵਿੱਚ ਜਾਣ ਲਈ ਵੀ ਕੁਆਲੀਫਾਈ ਹੋ ਚੁੱਕੇ ਹਨ ਅਤੇ ਛੋਟੀ ਧੀ ਅਮਨ ਕਾਹਲੋਂ ਕਰਾਟਿਆਂ ਦੇ ਨਾਲ-ਨਾਲ ਬਾਕਸਿੰਗ ਵਿੱਚ ਵੀ ਹੱਥ ਅਜਮਾ ਰਹੀ ਹੈ। ਤਿੰਨ-ਚਾਰ ਸਾਲ ਦੀ ਉਮਰ ਦੇ ਆਪਣੇ ਬੱਚਿਆਂ ਨੂੰ ਕਾਹਲੋਂ ਪਰਿਵਾਰ ਨੇ ਕਰਾਟੇ ਸਿਖਾਉਣ ਲਈ ਭੇਜਣਾ ਸ਼ੁਰੂ ਕਰ ਦਿੱਤਾ ਸੀ। ਬੱਚਿਆਂ ਨੇ ਵੀ ਮਿਹਨਤ ਵਿੱਚ ਕਸਰ ਨਹੀਂ ਛੱਡੀ ਅਤੇ ਅਜਿਹਾ ਮਾਣ-ਸਨਮਾਨ ਹਾਸਲ ਕੀਤਾ ਕਿ ਪੰਜਾਬੀਆਂ ਦੇ ਨਾਲ-ਨਾਲ ਜਰਮਨ ਦੇ ਲੋਕ ਵੀ ਇਨ੍ਹਾਂ ਬੱਚਿਆਂ 'ਤੇ ਮਾਣ ਮਹਿਸੂਸ ਕਰਦੇ ਹਨ। ਅਨੇਕਾਂ ਮੈਡਲ ਜਿੱਤਣ ਵਾਲੇ ਇਨ੍ਹਾਂ ਤਿੰਨਾਂ ਬੱਚਿਆਂ ਵਿਚੋਂ ਵਿਚਕਾਰਲੇ ਅਮ੍ਰਿਤ ਕਾਹਲੋਂ ਦੀ ਮਿਹਨਤ, ਨਿਮਰਤਾ ਅਤੇ ਜੋਸ਼ ਨੇ ਦੁਨੀਆ ਭਰ ਵਿੱਚ ਮਸ਼ਹੂਰ ਜਰਮਨ ਕਾਰ ਕੰਪਨੀ ਮਰਸਡੀਜ਼ ਨੂੰ ਸਪੌਂਸਰ ਕਰਨ ਲਈ ਮਜ਼ਬੂਰ ਕਰ ਦਿੱਤਾ। ਅਮ੍ਰਿਤ ਕਾਹਲੋਂ ਵੱਲੋਂ ਯੂਰਪੀਨ ਕਰਾਟੇ ਲੀਗ ਵਿੱਚ ਅਤੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੇ ਇਨਾਮ ਵਜੋਂ ਮਰਸਡੀਜ਼-ਬੈਨਜ਼ ਨੇ ਸਪੌਂਸਰ ਕਰਨ ਲਈ ਚੁਣਿਆ ਹੈ ਤੇ ਉਸ ਨੂੰ ਮਰਸਡੀਜ਼-ਬੈਨਜ਼ (ਜੀ ਐਲ ਏ 220 4ਮੈਟਿਕ ਮਾਡਲ 2018) ਕਾਰ ਭੇਟ ਕੀਤੀ ਹੈ ਜੋ ਸਿਰਫ ਚਲਾਉਣੀ ਹੈ ਜਿਸ ਦਾ ਬੀਮਾ, ਤੇਲ-ਪਾਣੀ ਸਮੇਤ ਹਰ ਟੁੱਟ ਭੁੱਜ ਦਾ ਖਰਚਾ ਕੰਪਨੀ ਹੀ ਚੁੱਕੇਗੀ। 
ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ 'ਤੇ ਮਾਣ ਕਰਦਿਆਂ ਕਾਹਲੋਂ ਜੋੜੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਨਹੀਂ ਥਕਦੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ-ਮਿੱਤਰ ਦੋਸਤ ਵੀ ਮਾਣ ਵਿੱਚ ਫੁੱਲੇ ਨਹੀਂ ਸਮਾਉਂਦੇ ।ਉਮੀਦ ਹੈ ਕਿ ਯੂਰਪ ਦੇ ਬਾਕੀ ਪੰਜਾਬੀ ਵੀ ਕਾਹਲੋਂ ਪਰਿਵਾਰ ਤੋਂ ਕੁਝ ਸਿੱਖਣ ਦਾ ਯਤਨ ਕਰਨਗੇ।


Related News