ਹੁਣ ਇਸ ਉਪਕਰਨ ਨਾਲ ਲਗਾਇਆ ਜਾ ਸਕੇਗਾ ਪਤਾ ਕਿ ਗਲੇਸ਼ੀਅਰ ਪਿਘਲਣ ਨਾਲ ਕਿਹੜੇ ਦੇਸ਼ 'ਤੇ ਕਿੰਨਾ ਹੋਵੇਗਾ ਖਤਰਾ

11/18/2017 2:27:06 PM

ਲਾਸ ਏਂਜਲਸ(ਬਿਊਰੋ)— ਅਰਮੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਅਜਿਹਾ ਉਪਕਰਨ ਵਿਕਸਿਤ ਕੀਤਾ ਹੈ, ਜਿਸ ਤੋਂ ਪਤਾ ਲਗਾਇਆ ਜਾ ਸਕੇਗਾ ਕਿ ਗਲੇਸ਼ੀਅਰ ਪਿਘਲਣ ਨਾਲ ਦੁਨੀਆ ਦੇ ਕਿਨ੍ਹਾਂ ਸ਼ਹਿਰਾਂ 'ਤੇ ਹੜ੍ਹ ਦਾ ਖਤਰਾ ਸਭ ਤੋਂ ਜ਼ਿਆਦਾ ਹੋਵੇਗਾ। ਇਹ ਉਪਕਰਨ ਧਰਤੀ ਦੇ ਘੁੰਮਣ ਅਤੇ ਗੰਭੀਰਤਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਭਵਿੱਖਵਾਣੀ ਕਰੇਗਾ ਕਿ ਗਲੋਬਲ ਵਾਰਮਿੰਗ ਨਾਲ ਗਲੇਸ਼ੀਅਰ ਪਿਘਲਣ 'ਤੇ ਕਿਹੜੇ ਤਟੀ ਸ਼ਹਿਰ ਵਿਚ ਸਮੁੰਦਰ ਦਾ ਕਿੰਨਾਂ ਪਾਣੀ ਜਾਵੇਗਾ। ਇਸ ਨਾਲ ਆਉਣ ਵਾਲੀਆਂ ਚੁਣੌਤੀਆਂ ਦੇ ਪ੍ਰਤੀ ਪਹਿਲਾਂ ਹੀ ਚੌਕੰਨੇ ਹੋਇਆ ਜਾ ਸਕਦਾ ਹੈ।
ਖੋਜ ਕਰਤਾਵਾਂ ਮੁਤਾਬਕ ਗ੍ਰੇਡੀਅੰਟ ਫਿੰਗਰਪ੍ਰਿੰਟ ਮੈਪਿੰਗ ਨਾਂ ਦਾ ਇਹ ਉਪਕਰਨ ਹਰ ਸ਼ਹਿਰ ਦੇ ਹਿਸਾਬ ਨਾਲ ਭਵਿੱਖਵਾਣੀ ਕਰਨ ਵਿਚ ਸਮਰਥ ਹੋਵੇਗਾ। ਨਾਸਾ ਦੇ ਸੀਨੀਅਰ ਵਿਗਿਆਨੀ ਐਰਿਕ ਈਵਾਨਸ ਨੇ ਕਿਹਾ ਕਿ ਸਾਰੇ ਦੇਸ਼ ਹੜ੍ਹ ਤੋਂ ਬਚਣ ਦੀ ਯੋਜਨਾ ਬਣਾਉਂਦੇ ਹਨ। ਉਹ ਭਵਿੱਖ ਵਿਚ 100 ਸਾਲ ਅੱਗੇ ਦੀ ਸੋਚ ਰਹੇ ਹੋਣਗੇ ਅਤੇ ਉਸੇ ਤਰ੍ਹਾਂ ਚੀਜ਼ਾਂ ਦਾ ਅੰਦਾਜ਼ਾ ਲਗਾਉਣਾ ਚਾਹੁੰਣਗੇ, ਜਿਵੇਂ ਬੀਮਾ ਕੰਪਨੀਆਂ ਕਰਦੀਆਂ ਹਨ। ਇਹ ਸਾਡੇ ਲਈ ਬਹਤੁ ਫਾਇਦੇਮੰਦ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਟੂਲ ਕਿਸੇ ਵੀ ਤਟੀ ਸ਼ਹਿਰ ਲਈ ਖਤਰੇ ਦਾ ਸਹੀ ਅੰਦਾਜ਼ਾ ਲਗਾ ਸਕਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਵਿਚ ਗਲੇਸ਼ੀਅਰ ਪਿਘਲਣ ਨਾਲ ਲੰਡਨ 'ਤੇ ਕਾਫੀ ਅਸਰ ਪਏਗਾ। ਉਤਰੀ ਅਤੇ ਪੂਰਬੀ ਹਿੱਸੇ ਵਿਚ ਗਲੇਸ਼ੀਅਰ ਪਿਘਲਣਾ ਨਿਊਯਾਰਕ ਲਈ ਵੀ ਚਿੰਤਾ ਦੀ ਗੱਲ ਹੋਵੇਗੀ।