ਪੰਜਾਬ ਜਿੰਨੀ ਆਬਾਦੀ ਵਾਲੇ ਇਸ ਦੇਸ਼ ਨੇ ਭਾਰਤੀਆਂ ਤੋਂ ਕਮਾਏ ਅਰਬਾਂ ਡਾਲਰ!

08/23/2017 7:35:05 AM

ਮੈਲਬੌਰਨ— ਘੁੰਮਣ, ਪੜ੍ਹਨ ਅਤੇ ਕੰਮ ਦੇ ਲਿਹਾਜ ਨਾਲ ਬਹੁਤ ਸਾਰੇ ਲੋਕ ਆਸਟ੍ਰੇਲੀਆ ਹੀ ਜਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੇ ਕੋਲੋਂ ਇਸ ਦੇਸ਼ ਨੇ ਕਿੰਨੇ ਨੋਟ ਕਮਾਏ ਹਨ। ਪੰਜਾਬ ਜਿੰਨੀ ਆਬਾਦੀ ਵਾਲੇ ਇਸ ਦੇਸ਼ ਨੇ ਭਾਰਤ ਦੇ ਸੈਲਾਨੀਆਂ ਦੇ ਦਮ 'ਤੇ ਅਰਬਾਂ ਡਾਲਰ ਦੀ ਕਮਾਈ ਕੀਤੀ ਹੈ। ਇਸ ਦਾ ਕਾਰਨ ਹੈ ਉੱਥੇ ਦੇ ਸੈਰ-ਸਪਾਟਾ ਖੇਤਰ ਦਾ ਵਧੀਆ ਹੋਣਾ, ਜੋ ਵਿਦੇਸ਼ੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। ਸੈਰ-ਸਪਾਟਾ ਉਹ ਖੇਤਰ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਤਰੱਕੀ ਤਾਂ ਹੁੰਦੀ ਹੈ ਪਰ ਨਾਲ ਹੀ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਜੇਕਰ ਪੰਜਾਬ ਦੇ ਸੈਰ-ਸਪਾਟਾ ਖੇਤਰ ਵੱਲ ਸੂਬਾ ਸਰਕਾਰ ਵੀ ਇੰਨੀ ਹੀ ਗੰਭੀਰਤਾ ਨਾਲ ਧਿਆਨ ਦੇਵੇ ਤਾਂ ਸੂਬੇ ਦੀ ਤਰੱਕੀ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਵੀ ਵਧ ਜਾਣਗੇ। ਤੁਹਾਨੂੰ ਦੱਸ ਦੇਈਏ ਕਿ 'ਆਸਟ੍ਰੇਲੀਅਨ ਬਿਊਰੋ ਆਫ ਸਟੈਟੇਟਿਕਸ' ਮੁਤਾਬਕ, ਆਸਟ੍ਰੇਲੀਆ ਦੀ ਆਬਾਦੀ ਸਿਰਫ 2 ਕਰੋੜ 46 ਲੱਖ ਹੈ।


ਆਸਟ੍ਰੇਲੀਆ ਨੇ ਕਮਾਏ 1.3 ਅਰਬ ਡਾਲਰ
ਮਾਰਚ 2017 ਤਕ ਭਾਰਤ ਤੋਂ 2 ਲੱਖ 74 ਹਜ਼ਾਰ 500 ਲੋਕ ਆਸਟ੍ਰੇਲੀਆ ਗਏ, ਜੋ ਕਿ ਪਿਛਲੇ ਸਾਲ ਨਾਲੋਂ 15.3 ਫੀਸਦੀ ਜ਼ਿਆਦਾ ਹਨ। ਇਸ ਦੌਰਾਨ ਭਾਰਤੀ ਸੈਲਾਨੀਆਂ ਨੇ ਆਸਟ੍ਰੇਲੀਆ 'ਚ 1.3 ਅਰਬ ਡਾਲਰ ਤੋਂ ਜ਼ਿਆਦਾ ਖਰਚ ਕੀਤੇ, ਜਿਸ ਨਾਲ ਆਸਟ੍ਰੇਲੀਆ ਦੀ ਅਰਥ ਵਿਵਸਥਾ ਨੂੰ ਵੱਡਾ ਹੁੰਗਾਰਾ ਮਿਲਿਆ। ਆਸਟ੍ਰੇਲੀਆ ਦੇ ਵਣਜ ਮੰਤਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਆਸਟ੍ਰੇਲੀਆ ਦੇ ਸੈਰ-ਸਪਾਟਾ ਖੇਤਰ ਦਾ ਅਹਿਮ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ 2020 ਤਕ ਆਸਟ੍ਰੇਲੀਆ ਦੇ ਅਰਥਚਾਰੇ 'ਚ ਭਾਰਤੀ ਸੈਲਾਨੀਆਂ ਵੱਲੋਂ 1.9 ਅਰਬ ਡਾਲਰ ਦਾ ਯੋਗਦਾਨ ਹੋਣ ਦੀ ਉਮੀਦ ਹੈ।


ਮੰਤਰੀ ਸਟੀਵ ਸਿਓਬੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਆਸਟ੍ਰੇਲੀਆ ਦੇ ਸੈਰ-ਸਪਾਟਾ ਇੰਡਸਟਰੀ 'ਚ ਭਾਰਤੀਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਆਨਲਾਈਨ ਵੀਜ਼ਾ ਅਰਜ਼ੀ ਦੀ ਸੁਵਿਧਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਦਾ ਮਹੱਤਵਪੂਰਨ ਵਪਾਰਕ ਅਤੇ ਨਿਵੇਸ਼ ਸਾਂਝੇਦਾਰ ਹੈ ਅਤੇ ਆਉਣ ਵਾਲੇ ਸਮੇਂ 'ਚ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਜ਼ਿਆਦਾ ਮਜ਼ਬੂਤ ਹੋਣਗੇ। 
ਮੈਲਬੌਰਨ ਹੈ ਆਕਰਸ਼ਣ ਦਾ ਕੇਂਦਰ
ਆਸਟ੍ਰੇਲੀਆ 'ਚ ਸੈਰ-ਸਪਾਟੇ ਦਾ ਵੱਡਾ ਕੇਂਦਰ ਮੈਲਬੌਰਨ ਹੈ। ਜਿੱਥੇ ਹਰ ਸਾਲ ਲੱਖਾਂ ਲੋਕ ਘੁੰਮਣ ਜਾਂਦੇ ਹਨ। ਮੈਲਬੌਰਨ 'ਚ ਘੁੰਮਣ ਲਾਇਕ ਬਹੁਤ ਸਾਰੇ ਸਥਾਨ ਹਨ। ਇੱਥੇ ਦਾ ਚਿੜੀਆ ਘਰ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਚਿੜੀਆ ਘਰ ਹੈ, ਜਿਸ ਨੂੰ ਦੇਖਣ ਦਾ ਮੋਹ ਸੈਲਾਨੀ ਨਹੀਂ ਛੱਡ ਪਾਉਂਦੇ। ਮੈਲਬੌਰਨ ਆਸਟ੍ਰੇਲੀਆ ਦਾ ਦੂਜਾ ਵੱਡਾ ਸ਼ਹਿਰ ਹੈ, ਇਹ ਆਸਟ੍ਰੇਲੀਆ ਦੇ ਸੂਬਾ ਵਿਕਟੋਰੀਆ ਦੀ ਰਾਜਧਾਨੀ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਚੱਲਦਾ ਹੈ ਕਿ ਮੈਲਬੌਰਨ ਨੂੰ 25 ਜੂਨ 1835 'ਚ ਵਸਾਇਆ ਗਿਆ ਸੀ। ਉੱਥੇ ਹੀ, ਬੈਂਕਸੀਆ ਪਾਰਕ ਮੈਲਬੌਰਨ ਦਾ ਸਭ ਤੋਂ ਵੱਡਾ ਪਿਕਨਿਕ ਸਥਾਨ ਹੈ। ਇਸ ਪਾਰਕ 'ਚ ਪੰਛੀਆਂ ਦੀਆਂ ਸੈਂਕੜੇ ਪ੍ਰਜਾਤੀਆਂ ਹਨ। ਇਸ ਸ਼ਹਿਰ ਨੂੰ ਆਸਟ੍ਰੇਲੀਆ ਦੀ ਖੇਡ ਅਤੇ ਸੱਭਿਆਚਾਰਕ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਸਿਡਨੀ, ਕੈਨਬਰਾ, ਵਿਕਟੋਰੀਆ 'ਚ ਵੀ ਬਹੁਤ ਸਾਰੇ ਸਥਾਨ ਘੁੰਮਣ ਵਾਲੇ ਹਨ, ਜਿਵੇਂ ਕਿ ਸਿਡਨੀ ਹਾਰਬਰ ਬ੍ਰਿਜ, ਸਿਡਨੀ ਓਪਰਾ ਹਾਊਸ, ਬਲਿਊ ਮਾਊਂਟੇਨਸ ਨੈਸ਼ਨਲ ਪਾਰਕ, ਫਰਾਜ਼ਰ ਆਈਲੈਂਡ ਆਦਿ।