ਆਸਟ੍ਰੇਲੀਆ ਸਮੇਤ ਇਹ ਦੇਸ਼ ਕੁਝ ਇਸ ਅੰਦਾਜ਼ ''ਚ ਮਨਾਉਂਦੇ ਹਨ ਨਵਾਂ ਸਾਲ

12/31/2017 3:17:30 PM

ਮੈਲਬੌਰਨ (ਬਿਊਰੋ)— ਨਵਾਂ ਸਾਲ ਆਉਣ ਵਿਚ ਥੋੜ੍ਹਾ ਸਮਾਂ ਹੀ ਬਾਕੀ ਹੈ। ਇਸ ਖੁਸ਼ੀ ਦੇ ਮੌਕੇ ਨੂੰ ਮਨਾਉਣ ਲਈ ਜਸ਼ਨ ਦੀਆਂ ਤਿਆਰੀਆਂ ਲੱਗਭਗ ਸ਼ੁਰੂ ਹੋ ਚੁੱਕੀਆਂ ਹਨ। ਦੁਨੀਆ ਵਿਚ ਹਰ ਦੇਸ਼ ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦਾ ਹੈ। ਇਸ ਵਿਚ ਉਸ ਦੇਸ਼ ਦੇ ਰੀਤੀ-ਰਿਵਾਜ ਅਤੇ ਪਰੰਪਰਾਵਾਂ ਵੀ ਸ਼ਾਮਲ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਦੇਸ਼ਾਂ ਵਿਚ ਨਵੇਂ ਸਾਲ ਨੂੰ ਮਨਾਉਣ ਦੇ ਤਰੀਕਿਆਂ ਬਾਰੇ ਦੱਸ ਰਹੇ ਹਾਂ।
1. ਆਸਟ੍ਰੇਲੀਆ


ਗ੍ਰਗੋਰਿਅਨ ਕੈਲਡੰਰ ਮੁਤਾਬਕ ਆਸਟ੍ਰੇਲੀਆ ਵਿਚ ਨਵੇਂ ਸਾਲ ਦਾ ਜਸ਼ਨ 1 ਜਨਵਰੀ ਤੋਂ ਸ਼ੁਰੂ ਹੋ ਕੇ 6 ਜਨਵਰੀ ਤੱਕ ਰਹਿੰਦਾ ਹੈ। ਸਿਡਨੀ ਵਿਚ ਆਤਿਸ਼ਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਹੁੰਦਾ ਹੈ। ਲੋਕ ਘਰ ਵਿਚ ਹੋਣ ਜਾਂ ਬਾਹਰ ਨਵੇਂ ਸਾਲ ਦਾ ਜਸ਼ਨ ਜੰਮ ਕੇ ਮਨਾਉਂਦੇ ਹਨ। ਬੀਚ, ਪਾਰਟੀ ਹਾਲ, ਰੈਸਟੋਰੈਂਟ ਅਤੇ ਹੋਟਲਾਂ ਵਿਚ ਭੀੜ ਹੁੰਦੀ ਹੈ। 12 ਵਜਦੇ ਹੀ ਚਰਚ ਵਿਚ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਡਰੱਮ, ਤੁਰਹੀ ਅਤੇ ਸੀਂਗ ਦੇ ਲਾਊਡ ਸੰਗੀਤ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ।
2. ਜਾਪਾਨ


ਜਾਪਾਨ ਵਿਚ ਨਵਾਂ ਸਾਲ ਮਨਾਉਣ ਦਾ ਤਰੀਕਾ ਕਾਫੀ ਅਨੋਖਾ ਹੈ। ਇੱਥੇ ਹਰ ਸਾਲ 29 ਦਸੰਬਰ ਤੋਂ 2 ਜਨਵਰੀ ਤੱਕ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਜਸ਼ਨ ਨੂੰ 'ਯਾਬੁਰੀ' ਨਾਂ ਦਿੱਤਾ ਗਿਆ ਹੈ। ਇੱਥੇ 31ਦਸੰਬਰ ਦੀ ਰਾਤ ਨੂੰ 12 ਵੱਜਦੇ ਹੀ 108 ਵਾਰੀ ਮੰਦਰਾਂ ਦੀਆਂ ਘੰਟੀਆਂ ਵਜਾਈਆਂ ਜਾਂਦੀਆਂ ਹਨ।
3. ਚੀਨ


ਚੀਨ ਵਿਚ ਇਕ ਮਹੀਨਾ ਪਹਿਲਾਂ ਹੀ ਨਵੇਂ ਸਾਲ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਚੀਨ ਵਿਚ ਨਵੇਂ ਸਾਲ ਦੇ ਮੌਕੇ 'ਤੇ ਲਾਲ ਰੰਗ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਲੋਕ ਆਪਣੇ ਘਰਾਂ ਦੇ ਖਿੜਕੀ-ਦਰਵਾਜੇ ਇਸੇ ਰੰਗ ਨਾਲ ਰੰਗਦੇ ਹਨ। ਚੀਨੀ ਲੋਕਾਂ ਦਾ ਮੰਨਣਾ ਹੈ ਕਿ ਹਰ ਰਸੋਈ ਵਿਚ ਇਕ ਦੇਵਤਾ ਹੁੰਦਾ ਹੈ, ਜੋ ਉਸ ਪਰਿਵਾਰ ਦੇ ਪੂਰੇ ਸਾਲ ਦਾ ਲੇਖਾ-ਜੋਖਾ ਈਸ਼ਵਰ ਤੱਕ ਪਹੁੰਚਾਉਂਦਾ ਹੈ ਅਤੇ ਵਾਪਸ ਉਸੇ ਪਰਿਵਾਰ ਵਿਚ ਆ ਜਾਂਦਾ ਹੈ। ਇਸ ਲਈ ਉਸ ਦੇਵਤੇ ਨੂੰ ਵਿਦਾ ਕਰਨ ਅਤੇ ਫਿਰ ਉਸ ਦਾ ਸਵਾਗਤ ਕਰਨ ਲਈ ਪੂਰੇ ਹਫਤੇ ਆਤਿਸ਼ਬਾਜੀ ਚੱਲਦੀ ਹੈ।
4. ਰੋਮਾਨੀਆ


ਇੱਥੇ ਬੁਰੀਆਂ ਆਤਮਾਵਾਂ ਤੋਂ ਬਚਣ ਲਈ ਕਲਾਕਾਰ ਲੋਕ ਪੇਂਡੂ ਖੇਤਰਾਂ ਵਿਚ ਘਰ-ਘਰ ਜਾ ਕੇ ਨੱਚਦੇ ਅਤੇ ਗਾਉਂਦੇ ਹਨ। ਹੁਣ ਸ਼ਹਿਰਾਂ ਵਿਚ ਵੀ ਲੋਕ ਇਸੇ ਤਰ੍ਹਾਂ ਨਵੇਂ ਸਾਲ ਦਾ ਜਸ਼ਨ ਮਨਾਉਣ ਲੱਗ ਪਏ ਹਨ। ਇੱਥੇ ਲੋਕ ਭਾਲੂ ਦੀਆਂ ਪੁਸ਼ਾਕਾਂ ਪਹਿਨ ਕੇ ਬੁਰੀਆਂ ਆਤਮਾਵਾਂ ਨੂੰ ਭਜਾਉਂਦੇ ਹਨ ਅਤੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ।
5. ਮਿਆਂਮਾਰ


ਮਿਆਂਮਾਰ ਵਿਚ ਨਵੇਂ ਸਾਲ ਦੇ ਜਸ਼ਨ ਨੂੰ 'ਤਿਜਾਨ' ਕਹਿੰਦੇ ਹਨ। ਇਹ ਜਸ਼ਨ ਤਿੰਨ ਦਿਨ ਤੱਕ ਚੱਲਦਾ ਹੈ, ਜਿਸ ਨੂੰ ਅਪ੍ਰੈਲ ਦੇ ਮੱਧ ਵਿਚ ਮਨਾਇਆ ਜਾਂਦਾ ਹੈ। ਇੱਥੇ ਹੋਲੀ ਸਮੇਂ ਇਕ-ਦੂਜੇ ਨੂੰ ਰੰਗ ਨਾਲ ਭਰ ਦੇਣ ਦੀ ਪਰੰਪਰਾ ਮਸ਼ਹੂਰ ਹੈ।
6. ਫਿਲੀਪੀਨ


ਫਿਲੀਪੀਨ ਵਿਚ ਲੋਕ ਨਵੇਂ ਸਾਲ ਦੇ ਮੌਕੇ 'ਤੇ ਹਰ ਮਹੀਨੇ ਮੁਤਾਬਕ 12 ਕਿਸਮਾਂ ਦੇ ਵੱਖ-ਵੱਖ ਗੋਲ ਆਕਾਰ ਦੇ ਫਲ ਖਰੀਦਦੇ ਹਨ। ਇਸ ਨੂੰ ਚੰਗੀ ਕਿਸਮਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਵਿਚ ਅੰਗੂਰ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।
7. ਦੱਖਣੀ ਅਮਰੀਕਾ


ਦੱਖਣੀ ਅਮਰੀਕਾ ਵਿਚ ਨਵੇਂ ਸਾਲ ਦੇ ਦਿਨ ਲੋਬੀਆ ਦੇ ਸਾਬਤ ਬੀਜ ਅਤੇ ਸ਼ਲਗਮ ਦੀਆਂ ਪੱਤੀਆਂ ਖਾਣ ਦਾ ਰਿਵਾਜ ਹੈ। ਇੱਥੋਂ ਦੇ ਲੋਕ ਲੋਬੀਆ ਦੇ ਬੀਜ ਨੂੰ ਪੈਸੇ ਦਾ ਪ੍ਰਤੀਕ ਦੱਸਦੇ ਹਨ।