ਇਸ ਦੇਸ਼ ਵਿਚ ਹੋ ਚੁੱਕੇ ਹਨ 400 ਤੋਂ ਜ਼ਿਆਦਾ ਐਸਿਡ ਅਟੈਕ

07/19/2017 1:47:39 PM

ਲੰਡਨ— ਬੀਤੇ ਵੀਰਵਾਰ ਨੂੰ ਪੂਰਬੀ ਲੰਡਨ ਵਿਚ 5 ਲੋਕਾਂ 'ਤੇ ਐਸਿਡ ਸੁੱਟਣ ਦੀਆਂ ਘਟਨਾਵਾਂ ਮਗਰੋਂ ਐਸਿਡ ਨਾਲ ਸੰਬੰਧਿਤ ਸਖਤ ਕਾਨੂੰਨ ਦੀ ਮੰਗ ਤੇਜ਼ ਹੋ ਗਈ ਹੈ। ਇਨ੍ਹਾਂ ਮੰਗਾਂ ਵਿਚ ਐਸਿਡ ਦੀ ਵਿਕਰੀ 'ਤੇ ਪਾਬੰਦੀ ਦੀ ਮੰਗ ਵੀ ਸ਼ਾਮਲ ਹੈ।  ਪੁਲਸ ਮੁਤਾਬਕ ਸਾਲ 2012 ਦੀ ਤੁਲਨਾ ਵਿਚ ਐਸਿਡ ਸੁੱਟੇ ਜਾਣ ਦੀਆਂ ਘਟਨਾਵਾਂ ਵਿਚ ਦੋ ਗੁਣਾ ਜ਼ਿਆਦਾ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਜ਼ਿਆਦਾਤਰ ਲੰਡਨ ਵਿਚ ਹੋਈਆਂ ਹਨ। 
ਐਸਿਡ ਹਮਲੇ ਦੇ ਦੋਸ਼ੀ ਲਈ ਇੰਗਲੈਂਡ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਲਾਗੂ ਹੈ। ਗ੍ਰਹਿ ਮੰਤਰੀ ਏਮਬਰ ਰਡ ਨੇ ਕਿਹਾ,'' ਇਸ ਸਜ਼ਾ ਦੇ ਇਲਾਵਾ ਐਸਿਡ ਹਮਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਮਾਮਲੇ ਵਿਚ ਮੌਜੂਦਾ ਕਾਨੂੰਨ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਐਸਿਡ ਹਮਲੇ ਦੇ ਪੀੜਤਾਂ ਨੂੰ ਕਿਵੇਂ ਮਦਦ ਦਿੱਤੀ ਜਾ ਸਕਦੀ ਹੈ।'' ਇਸ ਦੇ ਨਾਲ ਹੀ ਕਿਸੇ ਕੋਲ ਐਸਿਡ ਬਰਾਮਦ ਹੋਣ ਜਾਂ ਫਿਰ ਕਿਸੇ ਦੀ ਮਦਦ ਨਾਲ ਹਮਲਾ ਕਰਨ ਦਾ ਇਰਾਦਾ ਸਾਬਤ ਹੋਣ ਦੀ ਸਥਿਤੀ ਵਿਚ 4 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਨੈਸ਼ਨਲ ਪੁਲਸ ਚੀਫ਼ ਕੌਂਸਿਲ (ਐੱਨ. ਪੀ. ਸੀ. ਸੀ.) ਦਾ ਕਹਿਣਾ ਹੈ ਕਿ 6 ਮਹੀਨੇ ਦੌਰਾਨ ਇੰਗਲੈਂਡ ਅਤੇ ਵੇਲਸ ਵਿਚ 400 ਤੋਂ ਜ਼ਿਆਦਾ ਐਸਿਡ ਹਮਲੇ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ,''ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਹਮਲਿਆਂ ਨੁੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣ।''