ਬੈਗ 'ਚੋਂ ਸੇਬ ਮਿਲਣ ਕਾਰਨ ਔਰਤ 'ਤੇ ਲੱਗਾ 500 ਡਾਲਰ ਦਾ ਜੁਰਮਾਨਾ

04/24/2018 11:28:02 AM

ਵਾਸ਼ਿੰਗਟਨ (ਬਿਊਰੋ)— ਜਹਾਜ਼ ਵਿਚ ਯਾਤਰਾ ਦੌਰਾਨ ਯਾਤਰੀਆਂ ਨੂੰ ਨਾਸ਼ਤਾ ਅਤੇ ਭੋਜਨ ਦਿੱਤਾ ਜਾਂਦਾ ਹੈ। ਕਈ ਵਾਰੀ ਯਾਤਰੀ ਇਸ ਨਾਸ਼ਤੇ ਜਾਂ ਭੋਜਨ ਨੂੰ ਪੂਰਾ ਨਹੀਂ ਖਾ ਪਾਉਂਦੇ ਅਤੇ ਆਪਣੇ ਬੈਗ ਵਿਚ ਰੱਖ ਲੈਂਦੇ ਹਨ। ਅਜਿਹੀ ਹੀ ਗਲਤੀ ਪੈਰਿਸ ਤੋਂ ਅਮਰੀਕਾ ਜਾ ਰਹੇ ਡੈਲਟਾ ਏਅਰ ਲਾਈਨ ਦੀ ਇਕ ਯਾਤਰੀ ਕ੍ਰਿਸਟਲ ਟੈਡਲੌਕ ਨੇ ਕੀਤੀ, ਜਿਸ ਕਾਰਨ ਉਸ ਨੂੰ 500 ਡਾਲਰ ਦਾ ਜੁਰਮਾਨਾ ਭਰਨਾ ਪਿਆ। 
ਅਸਲ ਵਿਚ ਅਮਰੀਕਾ ਵਿਚ ਜਹਾਜ਼ ਵਿਚ ਯਾਤਰਾ ਦੌਰਾਨ ਕ੍ਰਿਸਟਲ ਨੂੰ ਖਾਣ ਲਈ ਸੇਬ ਦਿੱਤਾ ਗਿਆ। ਉਸ ਨੇ ਸੇਬ ਆਪਣੇ ਬੈਗ ਵਿਚ ਰੱਖ ਲਿਆ। ਬੈਗ ਵਿਚ ਸੇਬ ਮਿਲਣ ਕਾਰਨ ਅਮਰੀਕੀ ਕਸਟਮ ਵਿਭਾਗ ਨੇ ਉਸ 'ਤੇ 500 ਡਾਲਰ ਦਾ ਜੁਰਮਾਨਾ ਲਗਾਇਆ ਹੈ।


ਪੈਰਿਸ ਤੋਂ ਅਮਰੀਕਾ ਆਈ ਕ੍ਰਿਸਟਲ ਟੈਡਲੌਕ ਨੇ ਦੱਸਿਆ ਕਿ ਉਡਾਣ ਦੇ ਅੰਤ ਵਿਚ ਫਲਾਈਟ ਅਟੈਡੈਂਟ ਨੇ ਇਕ ਸਨੈਕ ਦੇ ਤੌਰ 'ਤੇ ਪਲਾਸਟਿਕ ਬੈਗ ਵਿਚ ਸੇਬ ਖਾਣ ਲਈ ਦਿੱਤਾ। ਉਸ ਨੇ ਸੇਬ ਨੂੰ ਇਹ ਸੋਚ ਕੇ ਬਚਾ ਲਿਆ ਕਿ ਭੁੱਖ ਲੱਗਣ 'ਤੇ ਉਸ ਨੂੰ ਖਾਵੇਗੀ। ਇਸ ਮਗਰੋਂ ਉਹ ਕੋਲੋਰਾਡੋ ਦੇ ਡੈਨਵਰ ਜਾਣ ਵਾਲੀ ਸੀ। ਜਦੋਂ ਟੈਡਲੌਕ ਅਮਰੀਕਾ ਪੁੱਜੀ ਤਾਂ ਮਿਨੀਯਾਪੋਲੀਸ ਵਿਚ ਅਮਰੀਕੀ ਕਸਟਮ ਵਿਭਾਗ ਦੇ ਜਵਾਨਾਂ ਨੇ ਬੈਗ ਦੀ ਚੈਕਿੰਗ ਕੀਤੀ। ਕਸਟਮ ਅਧਿਕਾਰੀ ਨੇ ਡੈਲਟਾ ਲੋਗੋ ਲੱਗਿਆ ਪਲਾਸਟਿਕ ਬੈਗ ਉਸ ਦੇ ਸਾਮਾਨ ਵਿਚੋਂ ਬਾਹਰ ਕੱਢਿਆ। ਟੈਡਲੌਕ ਨੇ ਕਮਟਮ ਅਧਿਕਾਰੀ ਨੂੰ ਸਾਰੀ ਗੱਲ ਦੱਸੀ ਅਤੇ ਪੁੱਛਿਆ ਕੀ ਉਹ ਇਸ ਫਲ ਨੂੰ ਸੁੱਟ ਸਕਦੀ ਹੈ ਜਾਂ ਖਾ ਸਕਦੀ ਹੈ। ਪਰ ਅਧਿਕਾਰੀ ਨੇ ਕਥਿਤ ਰੂਪ ਵਿਚ ਉਸ ਨੂੰ ਕੁਝ ਨਹੀਂ ਦੱਸਿਆ ਅਤੇ 500 ਡਾਲਰ ਦਾ ਜੁਰਮਾਨਾ ਲਗਾ ਦਿੱਤਾ। ਅਮਰੀਕੀ ਕਸਟਮ ਵਿਭਾਗ ਅਤੇ ਬਾਰਡਰ ਚੌਕਸੀ ਵਿਭਾਗ ਨੇ ਇਸ ਮਾਮਲੇ ਵਿਚ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਹਾਲਾਂਕਿ ਇੰਨਾ ਕਿਹਾ ਹੈ ਕਿ ਖੇਤੀ ਉਤਪਾਦਾਂ ਨੂੰ ਜ਼ਬਤ ਨਹੀਂ ਕਰਨਾ ਚਾਹੀਦਾ। ਹੁਣ ਟੈਡਲੌਕ ਨੇ ਅਦਾਲਤ ਵਿਚ ਜਾਣ ਦਾ ਫੈਸਲਾ ਲਿਆ ਹੈ।