ਵ੍ਹਾਈਟ ਹਾਊਸ ਨੇ ਕਿਹਾ-ਟਰੰਪ ਨਹੀਂ ਅਪਣਾ ਰਹੇ ਰੂਸ ਪ੍ਰਤੀ ਨਰਮ ਰਵੱਈਆ

02/22/2018 10:00:57 AM

ਵਾਸ਼ਿੰਗਟਨ(ਭਾਸ਼ਾ)— ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਦੇ ਪ੍ਰਤੀ ਨਰਮ ਰਵੱਈਆ ਅਪਣਾਏ ਜਾਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਰੂਸ ਵਿਰੁੱਧ ਵਾਧੂ ਪਾਬੰਦੀਆਂ 'ਤੇ ਵਿਚਾਰ ਕਰ ਰਿਹਾ ਹੈ। ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਬੁੱਧਵਾਰ ਨੂੰ ਗੱਲਬਾਤ ਵਿਚ ਅਧਿਕਾਰੀ ਨੇ ਦੱਸਿਆ ਕਿ 2018 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਦਖਲਅੰਦਾਜ਼ੀ ਦੇ ਸ਼ੱਕਾਂ ਨਾਲ ਨਜਿੱਠਣ ਲਈ 'ਕਾਰਜ ਬਲ' ਦਾ ਗਠਨ ਕੀਤਾ ਗਿਆ ਹੈ ਅਤੇ 2016 ਲਈ ਰੂਸ ਵਿਰੁੱਧ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਕ ਕਦਮ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਾਸ਼ਿੰਗਟਨ ਪਹਿਲਾਂ ਹੀ ਦੁਨੀਆ ਦੀ ਸਾਰੀ ਸਰਕਾਰਾਂ ਨੂੰ ਚਿਤਾਵਨੀ ਦੇ ਚੁੱਕਾ ਹੈ ਕਿ ਰੂਸੀ ਸੈਨਾ ਨਾਲ 'ਵਿਸ਼ੇਸ਼ ਲੈਣ-ਦੇਣ' ਕਰਨ 'ਤੇ ਉਨ੍ਹਾਂ ਵਿਰੁੱਧ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਵਿਚ ਨਾਟੋ ਸਹਿਯੋਗੀ ਤੁਰਕੀ ਵੀ ਸ਼ਾਮਲ ਹੈ, ਜਿਸ ਨੇ ਰੂਸ ਨਾਲ ਐਸ-400 ਏਅਰ ਡਿਫੈਂਸ ਮਿਜ਼ਾਇਲ ਪ੍ਰਣਾਲੀ ਖ੍ਰੀਦਣ ਦੀ ਘੋਸ਼ਣਾ ਕੀਤੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਚਿਤਾਵਨੀ ਤੋਂ ਬਾਅਦ ਕਈ ਵੱਡੇ ਦੇਸ਼ ਰੂਸ ਨਾਲ ਆਪਣੀ ਖ੍ਰੀਦ 'ਤੇ ਦੁਬਾਰਾ ਵਿਚਾਰ ਕਰ ਰਹੇ ਹਨ।