ਅਮਰੀਕਾ ਨੇ ਪ੍ਰਵਾਸੀਆਂ ਲਈ ਖੋਲ੍ਹੇ ਦਰਵਾਜ਼ੇ, ਰੱਖੀਆਂ ਇਹ ਸ਼ਰਤਾਂ

01/17/2018 11:23:16 AM

ਵਾਸ਼ਿੰਗਟਨ— ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਪ੍ਰਵਾਸੀਆਂ ਲਈ ਯੋਗਤਾ ਆਧਾਰਿਤ ਵਿਵਸਥਾ ਬਾਰੇ ਸੰਕੇਤ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਯੋਗਤਾ ਵਾਲੇ ਅਤੇ ਅੰਗਰੇਜ਼ੀ ਬੋਲਣ ਵਾਲੇ ਪ੍ਰਵਾਸੀਆਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹੇ ਪ੍ਰਵਾਸੀ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਹੋ ਸਕਦੇ ਹਨ, ਸਿਰਫ ਉਹ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ। ਜੇਕਰ ਅਜਿਹੀ ਕੋਈ ਨੀਤੀ ਬਣਾਈ ਅਤੇ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਨਾਲ ਭਾਰਤ ਵਰਗੇ ਦੇਸ਼ਾਂ ਨੂੰ ਲਾਭ ਹੋ ਸਕਦਾ ਹੈ, ਇਥੋਂ ਦੇ ਜ਼ਿਆਦਾਤਰ ਲੋਕ ਇਸ ਮਾਪਦੰਡ ਨੂੰ ਪੂਰਾ ਕਰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਨੂੰ ਪੂਰਾ ਕਰਨ ਲਈ ਵੀਜ਼ਾ ਪ੍ਰਣਾਲੀ 'ਚ ਸੁਧਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਲੋਕ ਆਉਣ, ਉਹ ਇਸ ਦੇਸ਼ ਨੂੰ ਪਿਆਰ ਕਰਦੇ ਹੋਣ ਜੋ ਯੋਗਤਾ ਭਰਪੂਰ ਹੋਣ, ਅੰਗਰੇਜ਼ੀ ਬੋਲਦੇ ਹੋਣ, ਜੋ ਸਾਡੇ ਮੁੱਲਾਂ ਅਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਬਤੀਤ ਕਰਦੇ ਹਾਂ , ਉਸ ਦਾ ਸਮਰਥਨ ਕਰਨ ਦੇ ਵਚਨਬੱਧ ਹੋਣ।'' 
ਅਧਿਕਾਰੀ ਨੇ ਕਿਹਾ,''ਅਸੀਂ ਸਾਰੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿਅਕਤੀਆਂ ਨੂੰ ਅਮਰੀਕਾ ਆਉਣ ਦੇਣਾ ਚਾਹਾਂਗੇ ਪਰ ਉਨ੍ਹਾਂ ਦੀ ਯੋਗਤਾ ਅਤੇ ਸਫਲਤਾ ਦੀ ਸੰਭਾਵਨਾ ਦੇ ਆਧਾਰ 'ਤੇ।'' ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ ਜੋ ਅੱਤਵਾਦ ਨਾਲ ਸੰਬੰਧਤ ਅਪਰਾਧ ਕਰੇ ਜਾਂ ਅੱਤਵਾਦ ਦਾ ਸਮਰਥਨ ਕਰਨ ਦੀ ਸਾਜਸ਼ ਰਚੇ। ਉਨ੍ਹਾਂ ਨੇ ਕਿਹਾ,''ਸਾਡਾ ਟੀਚਾ ਸਾਰੇ ਰੂਪਾਂ 'ਚ ਅੱਤਵਾਦ ਦਾ ਖਾਤਮਾ ਕਰਨਾ ਹੈ, ਚਾਹੇ ਉਹ ਕਿਸੇ ਵੀ ਥਾਂ ਤੋਂ ਪੈਦਾ ਹੋਇਆ ਹੋਵੇ।''  ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਵਾਸੀ ਹਰ ਥਾਂ ਤੋਂ ਆਉਣ।