ਅਮਰੀਕੀ ਨੇਵੀ ਨੇ ਸਮੁੰਦਰੀ ਜਹਾਜ਼ ’ਚੋਂ ਬਰਾਮਦ ਕੀਤੇ ਹਜ਼ਾਰਾਂ ਮਾਰੂ ਹਥਿਆਰ

05/11/2021 11:45:48 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਨੇਵੀ ਨੇ ਹਜ਼ਾਰਾਂ ਅਸਾਲਟ ਹਥਿਆਰ, ਮਸ਼ੀਨਗੰਨ ਅਤੇ ਸਨਾਈਪਰ ਰਾਈਫਲਾਂ ਨੂੰ ਇੱਕ ਸਮੁੰਦਰੀ ਜਹਾਜ਼ ’ਚੋਂ ਬਰਾਮਦ ਕੀਤਾ ਹੈ, ਜੋ ਨੇਵੀ ਅਨੁਸਾਰ ਈਰਾਨ ਵੱਲੋਂ ਯਮਨ ’ਚ ਯੁੱਧ ’ਚ ਸਹਾਇਤਾ ਲਈ ਭੇਜੇ ਹੋਏ ਮੰਨੇ ਜਾਂਦੇ ਹਨ। ਮਿਜ਼ਾਈਲ ਕਰੂਜ਼ਰ ਯੂ. ਐੱਸ. ਮੋਨਟੇਰੀ ਨੇ ਇਨ੍ਹਾਂ ਲੁਕੇ ਹੋਏ ਹਥਿਆਰਾਂ ਦੀ ਖੋਜ ਕੀਤੀ। ਇਹ ਇਕ ਰਵਾਇਤੀ ਮੀਡਿਆਸਟ ਸਮੁੰਦਰੀ ਜਹਾਜ਼ ਸੀ, ਜੋ ਓਮਾਨ ਅਤੇ ਪਾਕਿਸਤਾਨ ਤੋਂ ਬਾਹਰ ਅਰਬ ਸਾਗਰ ਦੇ ਉੱਤਰੀ ਹਿੱਸੇ ’ਚ ਪਾਇਆ ਗਿਆ ਸੀ। ਹਥਿਆਰਾਂ ਦੀ ਇਹ ਵਿਸ਼ਾਲ ਖੇਪ ਡੇਕ ਦੇ ਹੇਠਾਂ ਪਾਈ ਗਈ, ਜਿਸ ਨੂੰ ਜ਼ਿਆਦਾਤਰ ਹਰੇ ਪਲਾਸਟਿਕ ’ਚ ਲਪੇਟਿਆ ਗਿਆ ਸੀ।

ਨੇਵੀ ਨੇ ਦੱਸਿਆ ਕਿ ਇਸ ’ਚ ਲੱਗਭਗ 3,000 ਚੀਨੀ ਟਾਈਪ 56 ਅਸਾਲਟ ਰਾਈਫਲਾਂ, ਸੈਂਕੜੇ ਹੋਰ ਭਾਰੀ ਮਸ਼ੀਨਗੰਨਜ਼ ਅਤੇ ਸਨਾਈਪਰ ਰਾਈਫਲਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦਰਜਨਾਂ ਐਡਵਾਂਸਡ, ਰੂਸ ਦੀਆਂ ਬਣੀਆਂ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਅਤੇ ਕਈ ਸੌ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਲਾਂਚਰ ਵੀ ਸਨ। ਅਧਿਕਾਰੀਆਂ ਅਨੁਸਾਰ ਜਹਾਜ਼ ਸਟੇਟ ਰਹਿਤ ਸੀ ਅਤੇ ਮੁੱਢਲੀ ਜਾਂਚ ’ਚ ਪਾਇਆ ਗਿਆ ਕਿ ਇਹ ਈਰਾਨ ਤੋਂ ਯਮਨ ਜਾ ਰਿਹਾ ਸੀ। ਅਧਿਕਾਰਤ ਤੌਰ 'ਤੇ ਨੇਵੀ ਨੇ ਕਿਹਾ ਕਿ ਹਥਿਆਰਾਂ ਦਾ ਅਸਲ ਸਰੋਤ ਅਤੇ ਉਦੇਸ਼ ਇਸ ਸਮੇਂ ਜਾਂਚ ਅਧੀਨ ਹੈ। ਸਤੰਬਰ 2014 ਤੋਂ ਸ਼ੁਰੂ ਹੋਈ ਯਮਨ ਦੀ ਲੜਾਈ ’ਚ ਟਾਰਗੈੱਟ ਹਮਲਿਆਂ ’ਚ ਮਾਰੇ ਗਏ 13,000 ਤੋਂ ਵੱਧ ਨਾਗਰਿਕਾਂ ਸਮੇਤ ਲੱਗਭਗ 1,30,000 ਲੋਕਾਂ ਦੀ ਮੌਤ ਹੋਈ ਹੈ।


Manoj

Content Editor

Related News