ਨਾਸ਼ਤਾ ਨਾ ਕਰਨ ਦਾ ਨਿਕਲਿਆ ਭਿਆਨਕ ਨਤੀਜਾ, ਸਰੀਰ ਵਿਚੋਂ ਨਿਕਲੇ 200 ਪੱਥਰ

07/21/2017 5:16:57 PM

ਬੀਜਿੰਗ— ਚੀਨ ਵਿਚ ਇਕ ਅਜੀਬ ਮਾਮਲੇ ਦੌਰਾਨ ਇਕ ਔਰਤ ਦੇ ਪੇਟ ਵਿਚੋਂ 200 ਤੋਂ ਜ਼ਿਆਦਾ ਪੱਥਰ (ਸਟੋਨ) ਕੱਢੇ ਗਏ ਹਨ। ਡਾਕਟਰਾਂ ਨੇ ਪੇਟ ਵਿਚ ਪੱਥਰ ਬਨਣ ਦਾ ਜੋ ਕਾਰਨ ਦੱਸਿਆ ਹੈ ਉਹ ਹੈਰਾਨ ਕਰ ਦੇਣ ਵਾਲਾ ਹੈ। ਉਨ੍ਹਾਂ ਮੁਤਾਬਕ ਇਹ ਔਰਤ ਸਵੇਰੇ ਨਾਸ਼ਤਾ ਨਹੀਂ ਸੀ ਕਰਦੀ, ਇਸ ਲਈ ਉਸ ਦੀ ਇਹ ਹਾਲਤ ਹੋਈ।
ਇਹ ਹੈ ਪੂਰਾ ਮਾਮਲਾ
ਚੀਨ ਦੇ ਗੁਆਂਗਜੀ ਸ਼ਹਿਰ ਸਥਿਤ ਹਸਪਤਾਲ ਵਿਚ ਇਕ 46 ਸਾਲ ਦੀ ਔਰਤ ਦਾ ਆਪਰੇਸ਼ਨ ਕਰ ਕੇ ਉਸਦੇ ਪੇਟ ਵਿਚੋਂ 200 ਤੋਂ ਜ਼ਿਆਦਾ ਪੱਥਰ ਕੱਢੇ ਗਏ।  ਇਸ ਔਰਤ ਦਾ ਨਾਂ ਮਿਸ ਚੇਨ ਦੱਸਿਆ ਗਿਆ ਹੈ। ਇਹ ਪੱਥਰ ਉਸ ਦੇ ਗਾਲਬਲੈਡਰ ਅਤੇ ਲੀਵਰ ਵਿਚ ਸਨ। ਇਨ੍ਹਾਂ ਦਾ ਆਕਾਰ ਛੋਟੇ ਪੱਥਰ ਤੋਂ ਲੈ ਕੇ ਅੰਡੇ ਦੇ ਬਰਾਬਰ ਸੀ। 
ਇਸ ਔਰਤ ਨੂੰ 10 ਸਾਲ ਪਹਿਲਾਂ ਪੇਟ ਦਰਦ ਹੋਇਆ ਸੀ, ਪਰ ਆਪਰੇਸ਼ਨ ਦੇ ਡਰ ਕਾਰਨ ਉਸ ਨੇ ਪੱਥਰ ਨਹੀਂ ਕੱਢਵਾਇਆ। ਹੌਲੀ-ਹੌਲੀ ਪੱਥਰਾਂ ਦੀ ਸੰਖਿਆ ਵੱਧਦੀ ਰਹੀ। ਹਾਲ ਹੀ ਵਿਚ ਜਦੋਂ ਦਰਦ ਅਸਹਿ ਹੋ ਗਿਆ ਤਾਂ ਉਸ ਨੂੰ ਆਪਰੇਸ਼ਨ ਕਰਵਾਉਣਾ ਹੀ ਪਿਆ। ਇਸ ਆਪਰੇਸ਼ਨ ਵਿਚ ਸਾਢੇ 6 ਘੰਟੇ ਲੱਗੇ।
ਆਪਰੇਸ਼ਨ ਕਰਨ ਵਾਲੇ ਡਾਕਟਰ ਕੁਆਨ ਜੁਵੇਈ ਦਾ ਕਹਿਣਾ ਹੈ ਕਿ ਨਾਸ਼ਤਾ ਨਾ ਕਰਨ ਕਾਰਨ ਉਸ ਦੀ ਇਹ ਹਾਲਤ ਹੋਈ ਸੀ। ਉਨ੍ਹਾਂ ਮੁਤਾਬਕ ਜਿਹੜਾ ਇਨਸਾਨ  ਸਵੇਰ ਦਾ ਨਾਸ਼ਤਾ ਨਹੀਂ ਕਰਦਾ ਉਸ ਦੇ ਗਾਲ ਬਲੈਡਰ ਵਿਚ ਸੁੰਘੜਨ ਅਤੇ ਫੈਲਾਅ ਨਹੀਂ ਹੁੰਦਾ ਹੈ। ਇਸ ਨਾਲ ਉੱਥੇ ਇਕ ਪੀਲੇ-ਭੂਰੇ ਰੰਗ ਦਾ ਤਰਲ ਬਨਣ ਲੱਗਦਾ ਹੈ। ਇਸ ਦੇ ਕਾਰਨ ਸਰੀਰ ਵਿਚ ਕੋਲੇਸਟਰੌਲ ਅਤੇ ਕੈਲਸ਼ੀਅਮ ਦਾ ਜੰਮਣਾ ਵੱਧ ਜਾਂਦਾ ਹੈ। ਕੈਲਸ਼ੀਅਮ ਅਤੇ ਹੋਰ ਖਣਿਜ ਦੇ ਜੰਮਣ ਨਾਲ ਹੀ ਪੱਥਰ ਬਣਦੇ ਹਨ।