ਪੂਰਬੀ ਯਰੂਸ਼ਲਮ ''ਚ ਪਵਿੱਤਰ ਸਥਾਨ ਨੇੜੇ ਵਧਿਆ ਤਣਾਅ, ਤਿੰਨ ਦੀ ਮੌਤ

07/22/2017 1:09:05 AM

ਇਜ਼ਰਾਇਲ— ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਬੀ ਯਰੂਸ਼ਲਮ ਅਤੇ ਕਬਜ਼ੇ ਵਾਲੇ ਪੱਛਮੀ ਕਿਨਾਰਿਆਂ 'ਤੇ ਇਜ਼ਰਾਇਲੀ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਤਿੰਨ ਫਲਸਤੀਨੀ ਮਾਰੇ ਗਏ ਹਨ। ਇਸ ਹਿੰਸਾ 'ਚ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਫਲਸਤੀਨੀ ਧੜੇ ਪਵਿੱਤਰ ਸਥਾਨ 'ਤੇ ਸੁਰੱਖਿਆ ਦੇ ਨਵੇਂ ਪ੍ਰਬੰਧ ਦਾ ਵਿਰੋਧ ਕਰ ਰਹੇ ਹਨ। ਤਣਾਅ ਉਦੋਂ ਤੋਂ ਜਾਰੀ ਹੈ ਜਦੋਂ ਬੀਤੇ ਸ਼ੁੱਕਰਵਾਰ ਨੂੰ ਤਿੰਨ ਇਜ਼ਰਾਇਲੀ ਅਰਬ ਬੰਦੂਕਧਾਰੀਆਂ ਨੇ ਦੋ ਇਜ਼ਰਾਇਲੀ ਪੁਲਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਪੁਲਸ ਕਾਰਵਾਈ 'ਚ ਹਮਲਾਵਰ ਵੀ ਮਾਰੇ ਗਏ ਸੀ।

ਇਹ ਹਾਦਸਾ ਪਵਿੱਤਰ ਸਥਾਨ ਦੇ ਨੇੜੇ ਵਾਪਰਿਆ ਸੀ ਜਿਸ 'ਚ ਮੁਸਲਮਾਨ ਹਰਮ ਅਲ ਸ਼ਰੀਫ ਜਦਕਿ ਯਹੂਦੀ ਮਾਊਂਟ ਕਹਿੰਦੇ ਹਨ। ਹਾਦਸੇ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਵਿੱਤਰ ਸਥਾਨ ਦੇ ਨੇੜੇ ਹਜ਼ਾਰਾਂ ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਪੁਲਸ ਦਾ ਕਹਿਣਾ ਹੈ ਕਿ ਫਲਸਤੀਨੀਆਂ ਨੇ ਉਨ੍ਹਾਂ 'ਤੇ ਪੱਥਰਾਅ ਕੀਤਾ ਜਿਸ ਦੇ ਜਵਾਬ 'ਚ ਉਨ੍ਹਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ। ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ, ਹਿੰਸਾ ਦੌਰਾਨ ਗੋਲੀ ਲੱਗਣ ਨਾਲ 17 ਸਾਲ ਦੇ ਇਕ ਫਲਸਤੀਨੀ ਦੀ ਮੌਤ ਹੋ ਗਈ। ਜਦਕਿ ਦੂਜੇ ਵਿਅਕਤੀ ਨੇ ਹਿੰਸਾ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਦਮ ਤੋੜ ਦਿੱਤਾ। ਤੀਜਾ ਵਿਅਕਤੀ ਪੱਛਮੀ ਕਿਨਾਰੇ 'ਤੇ ਹੋਈ ਝੜਪ ਦੌਰਾਨ ਗੋਲੀ ਲੱਗਣ ਕਾਰਨ ਮਾਰਿਆ ਗਿਆ।
ਰਮੱਲਾ ਅਤੇ ਯਰੂਸ਼ਲਮ ਵਿਚਕਾਰ ਚੈਕ-ਪੋਸਟ 'ਤੇ ਵੀ ਝੜਪ ਹੋਈ। ਇਜ਼ਰਾਇਲੀ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਚਾਰ ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਪੂਰਬੀ ਯਰੂਸ਼ਲਮ 'ਚ ਜਿਥੇ ਝੜਪ ਹੋਈ ਹੈ ਉਹ ਇਲਾਕਾ ਸਾਲ 1967 ਦੇ ਮਿਡਲ ਇਸਟ ਵਾਰ ਦੇ ਸਮੇਂ ਤੋਂ ਹੀ ਇਜ਼ਰਾਇਲ ਦੇ ਕਬਜ਼ੇ ਹੈ।