ਇਟਲੀ ਰਹਿੰਦੇ ਸਿੱਖਾਂ ਲਈ ਵੱਡੀ ਖੁਸ਼ਖਬਰੀ

05/25/2017 4:07:43 PM

ਅੰਮ੍ਰਿਤਸਰ/ਰੋਮ (ਪ੍ਰਵੀਨ ਪੁਰੀ, ਕੈਂਥ)—ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਇਟਲੀ ਦੇ ਰਾਜਦੂਤ ਲੋਰਿੰਜੋ ਐਗਲੋਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦਾ ਮਕਸਦ ਇਹ ਹੀ ਸੀ ਕਿ ਇਟਲੀ 'ਚ ਸਿੱਖ ਕੌਮ ਨਾਲ ਹੋਣ ਵਾਲੇ ਭੇਦ-ਭਾਵ ਨੂੰ ਦੂਰ ਕੀਤਾ ਜਾ ਸਕੇ। ਲੋਰਿੰਜੋ ਨੇ ਦੱਸਿਆ ਕਿ ਇਟਲੀ ਦੀ ਸੁਪਰੀਮ ਕੋਰਟ ਨੇ ਸਿਰਫ ਇਕ ਮਾਮਲੇ 'ਚ ਸਿੱਖ ਨੌਜਵਾਨ ਨੂੰ ਕਿਰਪਾਣ ਧਾਰਨ ਕਰਨ 'ਤੇ ਰੋਕ ਲਗਾਈ ਸੀ। ਇਟਲੀ 'ਚ ਰੋਕ ਦਾ ਅਜਿਹਾ ਕੋਈ ਫਰਮਾਨ ਸਾਰੇ ਸਿੱਖਾਂ ਲਈ ਜਾਰੀ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਸਿੱਖਾਂ ਨੂੰ ਇਟਲੀ 'ਚ ਕਿਰਪਾਣ ਧਾਰਣ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਕਾਰਨ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਸੀ ਪਰ ਅਜਿਹਾ ਕੁੱਝ ਨਹੀਂ ਸੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਟਲੀ ਦੇ ਰਾਜਦੂਤ ਨੇ ਦਾਅਵਾ ਕੀਤਾ ਕਿ ਇਟਲੀ 'ਚ ਤਕਰੀਬਨ 75 ਤੋਂ 80 ਹਜ਼ਾਰ ਸਿੱਖ ਪਰਿਵਾਰ ਰਹਿੰਦੇ ਹਨ,ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਟਲੀ ਸਰਕਾਰ ਹਰ ਜ਼ਰੂਰੀ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਤਿਹਾਸ ਗਵਾਹ ਹੈ ਕਿ ਇਟਲੀ 'ਚ ਅਜੇ ਤਕ ਸਿੱਖ ਕੌਮ ਨਾਲ ਜੁੜੇ ਕਿਸੇ ਵੀ ਸ਼ਖਸ ਦੇ ਨਾਲ ਅਜਿਹਾ ਕੋਈ ਵਿਵਹਾਰ ਨਹੀਂ ਹੋਇਆ, ਤਾਂ ਕਿ ਇਟਲੀ ਸਰਕਾਰ ਨੂੰ ਨੀਂਵਾ ਹੋਣਾ ਪਵੇ। ਇਟਲੀ-ਭਾਰਤ ਵਿਚਕਾਰ ਚੰਗੇ ਸੰਬੰਧ ਰਹੇ ਹਨ ਅਤੇ ਅੱਗੇ ਵੀ ਰਹਿਣਗੇ।