ਬ੍ਰਿਸਬੇਨ 'ਚ 28 ਅਪ੍ਰੈਲ ਨੂੰ ਲੱਗੇਗਾ ਖੇਡ ਮੇਲਾ, ਕੀਤਾ ਗਿਆ ਕਮੇਟੀ ਦਾ ਗਠਨ

02/19/2018 8:28:26 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਧਾਰਮਿਕ, ਸਾਹਿਤਕ, ਖੇਡ ਅਤੇ ਸੱਭਿਆਚਾਰਕ ਸਰਗਰਮੀਆਂ ਰਾਹੀਂ ਵਿਦੇਸ਼ 'ਚ ਪੰਜਾਬੀਅਤ ਦੇ ਪਸਾਰ ਲਈ ਅਹਿਮ ਭੂਮਿਕਾ ਨਿਭਾਅ ਰਿਹਾ 'ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ' ਦੀ ਪ੍ਰਬੰਧਕ ਕਮੇਟੀ ਵਲੋਂ ਇਕ ਬੈਠਕ ਕੀਤੀ ਗਈ। ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਮੂਹ ਸਾਧ-ਸੰਗਤ ਦੇ ਭਰਪੂਰ ਸਹਿਯੋਗ ਸਦਕਾ 28 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਟੇਟ ਸਕੂਲ ਰਨਕੌਰਨ ਦੇ ਖੇਡ ਮੈਦਾਨ ਵਿਖੇ ਵਿਸ਼ਾਲ ਖੇਡ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ 'ਇੰਡੋਜ਼ ਸਪੋਰਟਸ ਅਕੈਡਮੀ ਆਫ਼ ਕਵੀਨਜ਼ਲੈਂਡ' ਦੇ ਡਾਇਰੈਕਟਰ ਬਲਦੇਵ ਸਿੰਘ ਨਿੱਝਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਮੇਲੇ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਅਮਰਜੀਤ ਸਿੰਘ ਮਾਹਿਲ ਦੀ ਅਗਵਾਈ ਹੇਠ 11 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਰਛਪਾਲ ਸਿੰਘ ਹੇਅਰ, ਬਲਦੇਵ ਸਿੰਘ ਨਿੱਝਰ, ਰੇਸ਼ਮ ਸਿੰਘ ਖੱਖ, ਪ੍ਰੀਤਮ ਸਿੰਘ ਝੱਜ, ਹਰਜਿੰਦਰ ਰੰਧਾਵਾ, ਪ੍ਰੀਤਮ ਸਿੰਘ ਚੀਮਾ, ਕੋਚ ਸ਼ੇਰ ਸਿੰਘ, ਸਰਬਜੀਤ ਸੋਹੀ, ਜਸਵਿੰਦਰ ਬੱਬੀ ਤੇ ਨਗਿੰਦਰ ਧਾਲੀਵਾਲ ਆਦਿ ਮੈਬਰਾਂ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ ਹੈ। 
ਉਨ੍ਹਾਂ ਅੱਗੇ ਕਿਹਾ ਕਿ ਗੁਰੂ ਘਰ ਵੱਲੋਂ ਵਿਦੇਸ਼ ਵਿੱਚ ਅਜੋਕੀ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਧਰਮ ਦੇ ਨਾਲ ਜੋੜਨ ਅਤੇ ਭਾਈਚਾਰਕ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੀਆਂ ਆਸਟ੍ਰੇਲੀਆ ਭਰ ਦੀਆਂ ਪ੍ਰਮੁੱਖ ਟੀਮਾਂ ਅਤੇ ਬ੍ਰਿਸਬੇਨ ਸ਼ਹਿਰ ਨਾਲ ਸਬੰਧਤ ਫੁੱਟਬਾਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਵਿੱਚ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਬਾਸੀ, ਤਰਸੇਮ ਸਿੰਘ ਸਹੋਤਾ, ਦਲਬੀਰ ਹਲਵਾਰਵੀ, ਹਰਦਿਆਲ ਸਿੰਘ ਬਿਨਿੰਗ, ਸੁਰਜੀਤ ਸੰਧੂ, ਪ੍ਰਦੁਮਣ ਸਿੰਘ ਕਾਹਲੋ, ਸੇਵਾ ਸਿੰਘ ਢੰਡਾ ਤੇ ਪਰਮਜੀਤ ਸਿੰਘ ਬੈਂਸ ਆਦਿ ਹਾਜ਼ਰ ਸਨ।