ਨੇਪਾਲ ''ਚ ਦੂਜੇ ਪੜਾਅ ਦੀਆਂ ਚੋਣਾਂ ਹੋਈਆਂ ਸ਼ੁਰੂ

12/07/2017 10:05:32 AM

ਕਾਠਮੰਡੂ,(ਭਾਸ਼ਾ)— ਨੇਪਾਲ ਦੇ 45 ਜ਼ਿਲ੍ਹਿਆਂ 'ਚ ਇਤਿਹਾਸਕ ਸੂਬਾ ਅਤੇ ਸੰਸਦੀ ਚੋਣਾਂ ਦੇ ਆਖਰੀ ਪੜਾਅ ਲਈ ਮਤਦਾਨ ਹੋ ਰਿਹਾ ਹੈ। ਉਮੀਦ ਹੈ ਕਿ ਇਸ ਚੋਣ ਮਗਰੋਂ ਦੇਸ਼ 'ਚ ਰਾਜਨੀਤਕ ਸਥਿਰਤਾ ਆਵੇਗੀ। ਮਤਦਾਨ ਦੇ ਦੂਜੇ ਪੜਾਅ 'ਚ 1.22 ਕਰੋੜ ਤੋਂ ਵਧੇਰੇ ਵੋਟਰ ਹਨ। ਨੇਪਾਲ 'ਚ 45 ਜ਼ਿਲ੍ਹਿਆਂ 'ਚ ਸੰਸਦ ਦੀ ਪ੍ਰਤੀਨਿਧੀ ਸਭਾ ਦੀਆਂ 128 ਸੀਟਾਂ ਅਤੇ 256 ਸੂਬਾ ਵਿਧਾਨ ਸਭਾਵਾਂ ਲਈ ਚੋਣਾਂ ਹੋ ਰਹੀਆਂ ਹਨ। ਆਖਰੀ ਪੜਾਅ 'ਚ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਸਮੇਤ 4,482 ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ। ਪ੍ਰਤੀਨਿਧੀ ਸਭਾ ਲਈ 1,663 ਉਮੀਦਵਾਰ ਪ੍ਰਤੱਖ ਚੋਣਾਂ ਲੜ ਰਹੇ ਹਨ ਤੇ ਸੂਬਾ ਵਿਧਾਨ ਸਭਾਵਾਂ ਲਈ 2,819 ਉਮੀਦਵਾਰ ਮੈਦਾਨ 'ਚ  ਹਨ। 
ਸਖਤ ਸੁਰੱਖਿਆ ਦੌਰਾਨ ਵੀਰਵਾਰ ਸਵੇਰੇ ਸ਼ੁਰੂ ਹੋਈਆਂ ਚੋਣਾਂ ਸ਼ਾਮ 5 ਵਜੇ ਤਕ ਚੱਲਣਗੀਆਂ। ਮਤਦਾਨ ਲਈ ਘੱਟੋ-ਘੱਟ 15,344 ਵੋਟਿੰਗ ਕੇਂਦਰ ਬਣਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਵੋਟਾਂ ਦੀ ਗਿਣਤੀ ਅੱਜ ਸ਼ਾਮ ਨੂੰ ਸ਼ੁਰੂ ਹੋਵੇਗੀ। ਚੋਣਾਂ ਦਾ ਪਹਿਲਾ ਪੜਾਅ 26 ਨਵੰਬਰ ਨੂੰ 32 ਜ਼ਿਲਿਆਂ 'ਚ ਸਫਲਤਾਪੂਰਵਕ ਹੋਇਆ ਸੀ। ਚੋਣਾਂ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਧਮਾਕਿਆਂ ਨੂੰ ਦੇਖਦੇ ਹੋਏ ਸਖਤ ਸੁਰੱਖਿਆ ਕਰਨ ਦੀ ਕੋਸ਼ਿਸ਼ 'ਚ ਮਤਦਾਨ ਲਈ ਫੌਜ ਸਮੇਤ 200,000 ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸਤੰਬਰ 2015 'ਚ ਨਵਾਂ ਸੰਵਿਧਾਨ ਲਾਗੂ ਹੋਣ ਮਗਰੋਂ ਪਹਿਲੀ ਵਾਰ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ਲਈ ਚੋਣਾਂ ਹੋ ਰਹੀਆਂ ਹਨ।