ਸਾਊਦੀ ਨੇ ਕੋਰੋਨਾ ਕਾਰਨ ਦਵਾਈਆਂ ਦੇ ਨਿਰਯਾਤ ''ਤੇ ਰੋਕ ਲਗਾਈ

03/20/2020 8:44:08 AM

ਦੋਹਾ — ਸਾਊਦੀ ਅਰਬ ਨੇ ਸੰਸਾਰ ਭਰ ਵਿਚ ਫੈਲ ਚੁੱਕੇ ਮਾਰੂ ਕੋਰੋਨਾ ਵਾਇਰਸ(ਕੋਵਿਡ-19) ਦੇ ਖਤਰੇ ਦੇ ਮੱਦੇਨਜ਼ਰ ਫਿਲਹਾਲ ਦਵਾਈਆਂ ਅਤੇ ਹੋਰ ਮੈਡੀਕਲ ਵਸਤੂਆਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਾਊਦੀ ਅਰਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 274 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਇਸ ਵਾਇਰਸ ਕਾਰਨ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਜਦੋਂਕਿ ਹੁਣ ਤੱਕ ਛੇ ਵਿਅਕਤੀ ਵਾਇਰਸ ਦੀ ਚਪੇਟ ਤੋਂ ਬਾਹਰ ਆ ਚੁੱਕੇ ਹਨ। ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਸਾਊਦੀ ਨੇ ਇਸ ਤੋਂ ਪਹਿਲਾਂ ਯਾਤਰਾ ਨਾਲ ਸਬੰਧਤ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਸੀ ਅਤੇ ਮੁਫਤ ਵਿਚ ਸੈਨੀਟਾਈਜ਼ਰ ਵੰਡਣ ਵਰਗੇ ਕਦਮ ਵੀ ਚੁੱਕੇ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ 9000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 220,000 ਲੋਕ ਸੰਕਰਮਿਤ ਹੋਏ ਹਨ ਜਦੋਂ ਕਿ 85,000 ਲੋਕ ਇਸ ਬੀਮਾਰੀ ਦੀ ਚਪੇਟ ਤੋਂ ਬਾਹਰ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ 11 ਮਾਰਚ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਵਿਚਕਾਰ ਇਸ ਨੂੰ ਇੱਕ ਵਿਸ਼ਵਵਿਆਪੀ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਸੀ।

Harinder Kaur

This news is Content Editor Harinder Kaur