ਡੱਬਾਬੰਦ ਖਾਧ ਪਦਾਰਥਾਂ ਦੀ ਮਾਤਰਾ ਲੇਬਲ ''ਤੇ ਲਿਖੇ ਵਜ਼ਨ ਨਾਲੋਂ ਹੁੰਦੀ ਹੈ ਘੱਟ : ਰਿਸਰਚ

11/01/2017 11:06:36 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਕੀਤੇ ਗਏ ਇਕ ਨਵੇਂ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਡੱਬਾਬੰਦ ਖਾਧ ਪਦਾਰਥਾਂ ਦੀ ਮਾਤਰਾ ਲੇਬਲ 'ਤੇ ਲਿਖੇ ਵਜ਼ਨ ਨਾਲੋਂ ਘੱਟ ਹੁੰਦੀ ਹੈ। ਸਟੱਡੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਜ਼ਿਆਦਾਤਰ ਡੱਬਾਬੰਦ ਖਾਧ ਪਦਾਰਥਾਂ ਵਿਚ ਠੋਸ ਪਦਾਰਥਾਂ ਨਾਲ ਪਾਣੀ ਵਿਚ ਮਿਲਾ ਕੇ ਕੁਝ ਪ੍ਰੀਜਰਵੇਟਿਵ (ਸੁਰੱਖਿਅਤ ਪਦਾਰਥ) ਪਾਏ ਜਾਂਦੇ ਹਨ ਤਾਂ ਜੋ ਉਹ ਜਲਦੀ ਖਰਾਬ ਨਾ ਹੋਣ। ਇਸ ਦੌਰਾਨ ਨੈੱਟ ਵਜ਼ਨ ਵਿਚ ਇਸ ਤਰਲ ਦਾ ਵਜ਼ਨ ਵੀ ਸ਼ਾਮਲ ਹੁੰਦਾ ਹੈ। 
ਆਸਟ੍ਰੇਲੀਅਨ ਖਪਤਕਾਰ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ 'ਚੌਇਸ ਆਸਟ੍ਰੇਲੀਆ' ਨੇ ਇਸ ਮਾਮਲੇ 'ਤੇ ਇਕ ਸੱਟਡੀ ਕੀਤੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਕਿਤੇ ਡੱਬਾਬੰਦ ਖਾਧ ਪਦਾਰਥ ਵੇਚਣ ਵਾਲੇ ਗਾਹਕਾਂ ਨੂੰ ਠੱਗ ਤਾਂ ਨਹੀਂ ਰਹੇ ਹਨ। ਇਸ ਪੂਰੀ ਪੜਤਾਲ ਵਿਚ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ।
ਇੰਝ ਕੀਤੀ ਗਈ ਸੀ ਪੜਤਾਲ
ਇਸ ਪੂਰੀ ਸਟੱਡੀ ਦੌਰਾਨ ਇਨ੍ਹਾਂ ਨੇ 5 ਵੱਡੀਆਂ ਕੰਪਨੀਆਂ ਦੇ ਉਤਪਾਦਾਂ ਦੀ ਪੜਤਾਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡੱਬਾਬੰਦ ਮਟਰ, ਗਾਜਰ, ਬੀਟ ਆਦਿ ਦੇ ਵਜ਼ਨ ਨੂੰ ਜਾਂਚਿਆ। ਇਸ ਲਈ ਉਨ੍ਹਾਂ ਨੇ ਪਹਿਲਾਂ ਉਤਪਾਦਾਂ ਨੂੰ ਲਿਆ ਅਤੇ ਫਿਰ ਉਸ ਅੰਦਰੋਂ ਤਰਲ ਨੂੰ ਬਾਹਰ ਕੱਢ ਕੇ ਦੁਬਾਰਾ ਵਜ਼ਨ ਕੀਤਾ। ਇਸ ਮਗਰੋਂ ਇਸ ਵਜ਼ਨ ਨੂੰ ਪੈਕ 'ਤੇ ਲਿਖੇ ਗਏ ਵਜ਼ਨ ਨਾਲ ਮਿਲਾਇਆ ਗਿਆ। ਇਸ ਪੂਰੀ ਪ੍ਰਕਿਰਿਆ ਵਿਚ ਤਕਰੀਬਨ 54 ਉਤਪਾਦਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਸਾਹਮਣੇ ਆਇਆ ਕਿ ਕੁੱਲ 50 ਉਤਪਾਦ ਅਜਿਹੇ ਸਨ, ਜਿਨ੍ਹਾਂ ਦਾ ਵਜ਼ਨ ਲੇਬਲ 'ਤੇ ਲਿਖੇ ਵਜ਼ਨਾ ਨਾਲੋਂ ਘੱਟ ਸੀ। ਇਸ ਪੂਰੀ ਪੜਤਾਲ ਮਗਰੋਂ ਸੰਸਥਾ ਦਾ ਕਹਿਣਾ ਸੀ ਕਿ ਟਿਨ ਕੈਨ ਦੇ ਡੱਬੇ 'ਤੇ ਦੋਵੇਂ ਵਜ਼ਨ ਲਿਖੇ ਜਾਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਖਪਤਕਾਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਨਾ ਕਰਨ।