ਮਾਣ ਦੀ ਗੱਲ, ਇਟਲੀ ਦੇ ਰਾਸ਼ਟਰਪਤੀ ਨੇ ਪੰਜਾਬ ਦੀ ਧੀ ਨੂੰ ਕੀਤਾ ਸਨਮਾਨਿਤ

10/29/2021 1:06:59 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਵੱਸਦੇ ਭਾਰਤੀਆਂ ਦਾ ਕੱਦ ਉਸ ਵੇਲੇ ਦੂਣ ਸੁਵਾਇਆ ਹੋ ਗਿਆ ਜਦੋ ਰਾਸ਼ਟਰਪਤੀ ਸੈਰਜੋ ਮਤਰੈਲਾ ਵਲੋਂ ਸਕੂਲ ਵਿਚ ਟੌਪ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕਰਨ ਲਈ ਕਰਵਾਏ ਇਕ ਦੇਸ਼ ਪੱਧਰੀ ਸਮਾਗਮ ਵਿਚ ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਸੁਨੰੜਾਂ ਵਾਲਾ ਦੀ ਜੰਮ ਪਲ ਗੁਰਜੀਤ ਕੌਰ ਨੂੰ ਪੜ੍ਹਾਈ ਵਿਚ ਅਵੱਲ ਆਉਣ 'ਤੇ ਸਨਮਾਨਿਤ ਕੀਤਾ ਗਿਆ। ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋ ਰਾਸ਼ਟਰਪਤੀ ਨੇ ਕਿਸੇ ਵੀ ਖੇਤਰ ਵਿਚ ਟੌਪ ਕਰਨ ਵਾਲੇ ਕਿਸੇ ਭਾਰਤੀ ਨੂੰ ਸਨਮਾਨਿਤ ਕੀਤਾ ਹੋਵੇ। 

ਦੱਸਣਯੋਗ ਹੈ ਕਿ ਗੁਰਜੀਤ ਪਿਛਲੇ 13 ਸਾਲਾਂ ਤੋਂ ਆਪਣੀ ਹਰ ਕਲਾਸ ਸਭ ਤੋ ਵੱਧ ਅੰਕਾਂ ਨਾਲ ਪਾਸ ਹੁੰਦੀ ਆ ਰਹੀ ਹੈ ਤੇ ਹੁਣ ਉਸਨੇ ਆਪਣੀ ਸਕੂਲ ਦੀ ਮੁੱਢਲੀ ਪੜ੍ਹਾਈ ਪੂਰੀ ਕਰਕੇ ਰੋਮ ਦੀ ਕਤੋਲੀਕੋ ਯੂਨੀਵਰਸਿਟੀ ਵਿਚ ਮੈਡੀਕਲ ਦੇ ਵਿਦਿਆਰਥੀ ਵਜੋ ਦਾਖਲਾ ਲੈਕੇ ਅਗਲੀ ਪੜ੍ਹਾਈ ਸ਼ੁਰੂ ਕੀਤੀ ਹੈ। ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਪੂਰੇ ਦੇਸ਼ ਵਿਚ ਪੜ੍ਹਾਈ ਵਿਚ ਟੌਪ ਕਰਨ ਵਾਲੇ ਜਿਹੜੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਗੁਰਜੀਤ ਕੌਰ ਉਨਾਂ ਵਿਚ ਇਕ ਹੈ। ਦੱਖਣੀ ਇਟਲੀ ਦੀ ਪੂਲੀਆਂ ਸਟੇਟ ਵਿਚ ਇਕ ਖੇਤੀ ਫਾਰਮ 'ਤੇ ਕੰਮ ਕਰਕੇ ਪਰਿਵਾਰ ਲਈ ਰੋਜੀ ਰੋਜੀ ਰੋਟੀ ਕਮਾਉਣ ਵਾਲੇ ਜਸਵੰਤ ਸਿੰਘ ਦੀ ਹੋਣਹਾਰ ਧੀ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨ ਮਿਲਣਾ ਮਿਹਨਤਕਸ਼ ਲੋਕਾਂ ਲਈ ਮਾਣ ਵਾਲੀ ਗੱਲ ਹੈ ਜੋ ਕਿਸੇ ਸੁਪਨੇ ਤੋ ਘੱਟ ਨਹੀਂ।

ਪੜ੍ਹੋ ਇਹ ਅਹਿਮ ਖਬਰ - 'Living Dinosaur': 20 ਸਾਲ ਬਾਅਦ ਮਿਲਿਆ ਖੂਨ ਪੀਣ ਵਾਲਾ ਰਹੱਸਮਈ ਜੀਵ

ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਜੀਤ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਧੀ ਇਲਾਕੇ ਵਿਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸਰਕਾਰੀ ਦਫਤਰਾਂ ਨਾਲ ਸਬੰਧਤ ਸਾਰੇ ਕਾਗਜੀ ਕੰਮ ਕਰਵਾਉਣ ਵਿਚ ਮਦਦ ਕਰਦੀ ਹੈ। ਉਹ ਵਧੇਰੀ ਪੜ੍ਹਾਈ ਕਰਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।

ਨੋਟ- ਇਟਲੀ ਦੇ ਰਾਸ਼ਟਰਪਤੀ ਵੱਲੋਂ ਪੰਜਾਬ ਦੀ ਧੀ ਨੂੰ ਕੀਤਾ ਗਿਆ ਸਨਮਾਨਿਤ, ਖ਼ਬਰ ਬਾਰੇ ਕੁਮਾਂਟ ਕਰ ਦਿਓ ਰਾਏ।

Vandana

This news is Content Editor Vandana