ਚੀਨ ’ਚ ਫਿਰ ਤੋਂ ਲਾਕਡਾਊਨ ਦੀ ਸੰਭਾਵਨਾ, ਦੁਨੀਆ ਦੀ ਅਰਥਵਿਵਸਥਾ ’ਤੇ ਮੰਡਰਾਅ ਰਿਹੈ ਖ਼ਤਰਾ

07/14/2022 6:11:16 PM

ਬੀਜਿੰਗ : ਚੀਨ ’ਚ ਕੋਰੋਨਾ ਵਾਇਰਸ ਦਾ ਕੋਹਰਾਮ ਅਜੇ ਰੁਕਿਆ ਨਹੀਂ ਹੈ। ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਦੇ ਪ੍ਰਕੋਪ ’ਤੇ ਲਗਾਮ ਲਗਾਉਣ ਲਈ ਦੁਬਾਰਾ ਲਾਕਡਾਊਨ ਦਾ ਸਹਾਰਾ ਲਿਆ ਜਾ ਸਕਦਾ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ’ਚ ਜੇਕਰ ਦੁਬਾਰਾ ਲਾਕਡਾਊਨ ਲਗਾਇਆ ਗਿਆ ਤਾਂ ਦੇਸ਼ ਦੀ ਅਰਥਵਿਵਸਥਾ ਲਈ ਇਸ ਦੇ ਨਤੀਜੇ ਕਾਫ਼ੀ ਭਿਆਨਕ ਹੋਣਗੇ। ਇਹ ਅਰਥਵਿਵਸਥਾ ਲਈ ਵੱਡਾ ਝਟਕਾ ਸਾਬਤ ਹੋਵੇਗਾ ਅਤੇ ਇਸ ਦਾ ਅਸਰ ਪੂਰੀ ਦੁਨੀਆ ’ਤੇ ਪਵੇਗਾ। ਕੋਰੋਨਾ ਦੇ ਖ਼ੌਫ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨਫ਼ੈਕਸ਼ਨ ਦਾ ਸਿਰਫ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਚੀਨ ਦੇ ਇਕ ਸ਼ਹਿਰ ਨੂੰ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਚੀਨ ’ਚ ਕੋਰੋਨਾ ਇਨਫੈਕਸ਼ਨ ਵਧਣ ’ਤੇ ਫਿਰ ਤੋਂ ਲਾਕਡਾਊਨ ਦਾ ਐਲਾਨ ਹੋ ਸਕਦਾ ਹੈ।

ਇਸ ਨਾਲ ਕਾਰਖਾਨਿਆਂ ’ਚ ਉਤਪਾਦਨ ਠੱਪ ਹੋਣ ਦਾ ਡਰ ਹੈ, ਉੱਥੇ ਹੀ ਨਿਰਮਾਣ ਕਾਰਜਾਂ ’ਤੇ ਵੀ ਇਸ ਦਾ ਅਸਰ ਪਵੇਗਾ। ਜਦਕਿ, ਕਰਜ਼ੇ ਦੀ ਮਾਰ ਝੱਲ ਰਹੀਆਂ ਚੀਨ ਦੀਆਂ ਉਸਾਰੀ ਕੰਪਨੀਆਂ ਪਹਿਲਾਂ ਤੋਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ। ਅਰਥਵਿਵਸਥਾ ਨਾਲ ਜੁੜੇ ਸਾਰੇ ਸੂਚਕ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ’ਚ ਗਿਰਾਵਟ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਪਰ ਚੀਨ ਸਰਕਾਰ ਦੀਆਂ ਉਮੀਦਾਂ ਇਸ ਸਾਲ ਦੇ ਦੂਜੇ ਅੱਧ ’ਤੇ ਟਿਕੀਆਂ ਹਨ। ਜਿਨਪਿੰਗ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ 5.5 ਫੀਸਦੀ ਵਿਕਾਸ ਦਰ ਦਾ ਟੀਚਾ ਹਾਸਲ ਹੋ ਜਾਵੇਗਾ। ਦੱਸ ਦਈਏ ਕਿ ਚੀਨ ’ਚ ਇਨ੍ਹੀਂ ਦਿਨੀਂ ਕੋਰੋਨਾ ਨੇ ਫਿਰ ਤੋਂ ਦਹਿਸ਼ਤ ਪੈਦਾ ਕਰ ਦਿੱਤੀ ਹੈ, ਜਿਸ ਤੋਂ ਬਾਅਦ ਚੀਨੀ ਸ਼ੇਅਰ ਬਾਜ਼ਾਰ ਪਿਛਲੇ 15 ਦਿਨਾਂ ’ਚ ਬੁਰੀ ਤਰ੍ਹਾਂ ਟੁੱਟਿਆ ਹੈ। ਚੀਨ ਦਾ ਹੈਂਗ ਸੇਂਗ ਚਾਈਨਾ ਐਂਟਰਪ੍ਰਾਈਜ਼ ਇੰਡੈਕਸ 28 ਜੂਨ ਤੋਂ ਬਾਅਦ ਤੋਂ ਹੁਣ ਤਕ ਤਕਰੀਬਨ 9 ਫੀਸਦੀ ਤੱਕ ਡਿੱਗ ਚੁੱਕਾ ਹੈ। ਅਜਿਹੀ ਹਾਲਤ ’ਚ ਨਿਵੇਸ਼ਕਾਂ ਦੇ ਸਾਹਮਣੇ ਫਿਰ ਤੋਂ ਚਿੰਤਾ ਖੜ੍ਹੀ ਹੋ ਗਈ ਹੈ ਕਿ ਜੇਕਰ ਕੋਰੋਨਾ ਦੇ ਮਾਮਲੇ ਵਧਦੇ ਹਨ ਤਾਂ ਆਰਥਿਕ ਗਤੀਵਿਧੀਆਂ ਫਿਰ ਤੋਂ ਠੱਪ ਹੋ ਜਾਣਗੀਆਂ।
 


Manoj

Content Editor

Related News