ਆਖਰੀ ਟ੍ਰਾਇਲ ਵਿਚ ਫਾਈਜ਼ਰ ਦੀ ਵੈਕਸੀਨ 95 ਫੀਸਦੀ ਅਸਰਦਾਰ

11/19/2020 3:47:13 AM

ਵਾਸ਼ਿੰਗਟਨ - ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਆਈ ਹੈ। ਸਭ ਤੋਂ ਪਹਿਲਾਂ ਸਫਲ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੇ ਅੰਤਿਮ ਟ੍ਰਾਇਲ ਵਿਚ 95 ਫੀਸਦੀ ਸਫਲ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦੇ ਇਹ ਨਤੀਜੇ ਪਹਿਲੀ ਡੋਜ਼ ਦੇਣ ਤੋਂ 28 ਦਿਨ ਬਾਅਦ ਆਏ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਟ੍ਰਾਇਲ ਦੀ ਪ੍ਰਕਿਰਿਆ ਵਿਚ 170 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਮਰੀਕੀ ਕੰਪਨੀ ਫਾਈਜ਼ਰ ਨੇ ਜਰਮਨ ਦੀ ਕੰਪਨੀ ਬਾਇਓਐਨਟੈੱਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਇਸ ਪਿੱਛੋਂ ਕੰਪਨੀ ਇਸ ਵੈਕਸੀਨ ਨੂੰ ਅਮਰੀਕਾ ਦੀ ਡਰੱਗ ਰੈਗੂਲੇਟਰੀ ਏਜੰਸੀ ਐੱਫ.ਡੀ.ਏ. ਅਤੇ ਈ.ਯੂ. ਏ. ਨਾਲ ਸ਼ੇਅਰ ਕਰੇਗੀ। ਇਸ ਦੇ ਨਾਲ ਹੀ ਇਸ ਵੈਕਸੀਨ ਨੂੰ ਸਮੁੱਚੀ ਦੁਨੀਆ ਨੂੰ ਡਰੱਗ ਮਾਨੀਟਰਿੰਗ ਏਜੰਸੀਆਂ ਕੋਲ ਪ੍ਰਵਾਨਗੀ ਲਈ ਭੇਜੇਗੀ।

ਇਸ ਸਾਲ ਦੇ ਅੰਤ ਤੱਕ 50 ਮਿਲੀਅਨ ਡੋਜ਼ ਤਿਆਰ ਹੋਵੇਗੀ
ਫਾਈਜ਼ਰ ਦਾ ਦਾਅਵਾ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ 50 ਮਿਲੀਅਨ ਡੋਜ਼ ਤਿਆਰ ਕਰ ਲਏਗੀ ਜਦੋਂ ਕਿ 2021 ਦੇ ਅੰਤ ਤੱਕ ਉਹ 130 ਕਰੋੜ ਡੋਜ਼ ਦੁਨੀਆ ਵਿਚ ਮੁਹੱਈਆ ਕਰਵਾ ਸਕਦੀ ਹੈ। ਕੰਪਨੀ ਨੇ ਕਿਹਾ ਹੈ ਕਿ ਸਮੁੱਚੀ ਦੁਨੀਆ ਵਿਚ ਫੈਲੇ ਉਸ ਦੇ ਮੂਲ ਢਾਂਚੇ ਅਤੇ ਕੋਲਡ ਚੇਨ ਰਾਹੀਂ ਉਹ ਇਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਆਸਾਨੀ ਨਾਲ ਅਤੇ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਸਕੇਗੀ।

ਅਮਰੀਕਾ ਵਿਚ ਮੁੜ ਲਾਈਆਂ ਜਾ ਰਹੀਆਂ ਹਨ ਪਾਬੰਦੀਆਂ
ਉਥੇ ਹੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਇਕ ਵਾਰ ਮੁੜ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਰਿਪਬਲੀਕਨ ਗਵਰਨਰਾਂ ਨੇ ਮਾਸਕ ਪਹਿਨਣਾ ਜ਼ਰੂਰੀ ਕਰਾਰ ਦੇ ਦਿੱਤਾ ਹੈ। ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਯੋਜਨਾ ਮੁਲਤਵੀ ਕੀਤੀ ਜਾ ਰਹੀ ਹੈ। ਕਈ ਲੋਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੇ ਪਿੱਛੇ ਦੇ ਵਿਗਿਆਨ 'ਤੇ ਸਵਾਲ ਉਠਾ ਰਹੇ ਹਨ। ਲੋਕਾਂ ਵਿਚ ਇਸ ਗੱਲ ਦਾ ਡਰ ਹੈ ਕਿ ਇਕ ਵਾਰ ਮੁੜ ਪਾਬੰਦੀਆਂ ਲਾਏ ਜਾਣ ਕਾਰਣ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।

 

Khushdeep Jassi

This news is Content Editor Khushdeep Jassi