ਯੂ. ਏ. ਈ. ''ਚ ਦੋ ਵਿਆਹ ਕਰਵਾਉਣ ਵਾਲੇ ਵਿਅਕਤੀ ਨੂੰ ਮਿਲੇਗਾ ਖਾਸ ਇਨਾਮ

03/01/2018 11:56:54 AM

ਆਬੂ ਧਾਬੀ (ਬਿਊਰੋ)— ਵਿਆਹ ਸੰਬਧੀ ਹਰ ਦੇਸ਼ ਦੇ ਆਪਣੇ ਵੱਖਰੇ ਕਾਨੂੰਨ ਅਤੇ ਨਿਯਮ ਹਨ। ਜ਼ਿਆਦਾਤਰ ਦੇਸ਼ਾਂ ਵਿਚ ਇਕ ਵਿਆਹ ਨੂੰ ਮਾਨਤਾ ਦਿੱਤੀ ਜਾਂਦੀ ਹੈ ਪਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਇਕ ਅਜਿਹਾ ਦੇਸ਼ ਹੈ ਜਿੱਥੇ ਦੀ ਸਰਕਾਰ ਨੇ ਦੋ ਪਤਨੀਆਂ ਰੱਖਣ ਵਾਲੇ ਲੋਕਾਂ ਨੂੰ ਵਾਧੂ ਘਰੇਲੂ ਭੱਤਾ ਦੇਣ ਦਾ ਐਲਾਨ ਕੀਤਾ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਦੇਸ਼ ਵਿਚ ਕੁਆਰੀਆਂ ਕੁੜੀਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਐਲਾਨ ਕੀਤਾ ਹੈ। 
ਸਰਕਾਰ ਵੱਲੋਂ ਇਹ ਸਕੀਮ ਲੋਕਾਂ ਨੂੰ ਦੂਜੇ ਵਿਆਹ ਲਈ ਉਤਸ਼ਾਹਿਤ ਕਰਨ ਲਈ ਲਿਆਂਦੀ ਗਈ ਹੈ। ਸੰਯੁਕਤ ਅਰਬ ਅਮੀਰਾਤ ਦੇ ਬੁਨਿਆਦੀ ਢਾਂਚਾ ਵਿਕਾਸ ਮੰਤਰੀ ਡਾਕਟਰ ਅਬਦੁੱਲਾ ਬੇਲਹੈਫ ਅਲ ਨੁਈਮੀ ਨੇ ਬੁੱਧਵਾਰ ਨੂੰ ਫੈਡਰਲ ਨੈਸ਼ਨਸ ਕੌਂਸਲ (ਐੱਫ. ਐੱਨ. ਸੀ.) ਦੇ ਸੈਸ਼ਨ ਦੌਰਾਨ ਇਸ ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ ਕਿ ਦੋ ਪਤਨੀਆਂ ਰੱਖਣ ਵਾਲੇ ਸਾਰੇ ਲੋਕਾਂ ਨੂੰ ਸ਼ੇਖ ਜਾਯਦ ਹਾਊਸਿੰਗ ਪ੍ਰੋਗਰਾਮ ਦੇ ਤਹਿਤ ਘਰੇਲੂ ਭੱਤਾ ਦਿੱਤਾ ਜਾਵੇਗਾ। ਅਸਲ ਵਿਚ ਇਹ ਦੂਜੀ ਪਤਨੀ ਲਈ ਘਰੇਲੂ ਭੱਤਾ ਹੋਵੇਗਾ ਮਤਲਬ ਇਹ ਇਕ ਪਤਨੀ ਵਾਲੇ ਪਰਿਵਾਰ ਨੂੰ ਪਹਿਲਾਂ ਤੋਂ ਮਿਲ ਰਹੇ ਘਰੇਲੂ ਭੱਤੇ ਦੇ ਇਲਾਵਾ ਹੋਵੇਗਾ। 
ਮੰਤਰੀ ਨੇ ਕਿਹਾ,''ਦੂਜੀ ਪਤਨੀ ਲਈ ਉਹ ਉਸੇ ਤਰ੍ਹਾਂ ਦੇ ਰਹਿਣ-ਸਹਿਣ ਦੀ ਵਿਵਸਥਾ ਹੋਣੀ ਚਾਹੀਦੀ ਹੈ, ਜਿਵੇਂ ਕਿ ਪਹਿਲੀ ਪਤਨੀ ਲਈ ਹੁੰਦੀ ਹੈ।'' ਉਨ੍ਹਾਂ ਨੇ ਕਿਹਾ ਕਿ ਘਰੇਲੂ ਭੱਤਾ ਮਿਲਣ ਨਾਲ ਲੋਕਾਂ ਨੂੰ ਦੂਜਾ ਵਿਆਹ ਕਰਨ ਲਈ ਉਤਸ਼ਾਹ ਮਿਲੇਗਾ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਕੁਆਰੀਆਂ ਕੁੜੀਆਂ ਦੀ ਗਿਣਤੀ ਘਟੇਗੀ। ਗੌਰਤਲਬ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਕੁਆਰੀਆਂ ਕੁੜੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਐੱਫ. ਐੱਨ. ਸੀ. ਦੇ ਮੈਂਬਰ ਚਿੰਤਾ ਜ਼ਾਹਰ ਕਰਦੇ ਰਹੇ ਹਨ। ਇਨ੍ਹਾਂ ਮੈਂਬਰਾਂ ਨੇ ਕਿਹਾ ਸੀ ਕਿ ਲੋਕਾਂ ਵੱਲੋਂ ਦੂਜਾ ਵਿਆਹ ਨਾ ਕਰਨ ਕਾਰਨ ਦੇਸ਼ 'ਤੇ ਆਰਥਿਕ ਬੋਝ ਵੱਧ ਰਿਹਾ ਹੈ।